ਮਨਿੰਦਰ ਕੌਰ, ਸਿਮਰਜੀਤ ਕੌਰ*/ਹਰੀ ਰਾਮ**
ਅਜੋਕੇ ਸਮੇਂ ਵਿੱਚ ਤਕਰੀਬਨ ਹਰ ਘਰ ਵਿੱਚ ਘੱਟੋ-ਘੱਟ ਇਕ ਆਦਮੀ ਮੋਟਾਪੇ, ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਅਤੇ ਦਿਲ ਦੇ ਰੋਗਾਂ ਦਾ ਮਰੀਜ਼ ਹੈ। ਇਨ੍ਹਾਂ ਸਾਰੀਆਂ ਬਿਮਾਰੀਆਂ ਪਿੱਛੇ ਸਾਡੀ ਖ਼ੁਰਾਕ ਵਿੱਚ ਵਧੇਰੇ ਕਾਰਬੋਹਾਈਡ੍ਰੇਟ ਅਤੇ ਚਿਕਨਾਈ ਭਰਪੂਰ ਖ਼ੁਰਾਕ ਅਤੇ ਸਰੀਰਕ ਕਸਰਤ ਦਾ ਘੱਟ ਹੋਣ ਦਾ ਬਹੁਤ ਵੱਡਾ ਕਾਰਨ ਹੈ। ਇਨ੍ਹਾਂ ਦੇ ਹੱਲ ਲਈ ਬਹੁਤ ਚਰਚਿਤ ਹਵਾਲਾ ਹੈ ‘ਸਿਹਤ ਸੰਭਾਲ ਦਵਾਈ ਨਾਲ ਨਹੀਂ, ਸਿਹਤਮੰਦ ਖ਼ੁਰਾਕ ਨਾਲ ਬਣਦੀ ਹੈ।’ ਭਾਵ ਸਾਨੂੰ ਖ਼ੁਰਾਕ ਨੂੰ ਦਵਾਈ ਦੇ ਤਰੀਕੇ ਨਾਲ ਖਾਣਾ ਚਾਹੀਦਾ ਹੈ ਨਾ ਕਿ ਦਵਾਈ ਨੂੰ ਖ਼ੁਰਾਕ ਬਣਾਉਣਾ ਚਾਹੀਦਾ ਹੈ। ਖ਼ੁਰਾਕ ਪੋਸ਼ਣ ਭਰਪੂਰ ਹੋਣੀ ਚਾਹੀਦੀ ਹੈ। ਜੌਂ ਕੁਦਰਤੀ ਤੌਰ ’ਤੇ ਪੌਸ਼ਟਿਕ ਅਤੇ ਔਸ਼ਧੀ ਭਰਪੂਰ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਬੀਟਾ-ਗਲੂਕਨ (β-ਗਲੂਕਨ) ਭਰਪੁਰ ਹੁੰਦੇ ਹਨ। β-ਗਲੂਕਨ ਕੋਲੈਸਟਰੋਲ, ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ, ਦਿਲ ਦੇ ਰੋਗਾਂ ਅਤੇ ਕੈਂਸਰ ਆਦਿ ਤੋਂ ਬਚਾਉਂਦੀ ਹੈ। ਜੌਂਆਂ ਵਿੱਚ ਬੀਟਾ ਗਲੂਕਨ ਤੱਤ ਵਧੇਰੇ ਹੋਣ ਕਰ ਕੇ ਇਹ ਔਸ਼ਧਿਕ ਗੁਣਵੱਤਾ ਵਿੱਚ ਭਰਪੂਰ ਹੁੰਦੇ ਹਨ। ਬੀਟਾ ਗਲੂਕਨ ਇੱਕ ਘੁਲਣਸ਼ੀਲ ਖ਼ੁਰਾਕੀ ਰੇਸ਼ਾ ਹੈ ਜੋ ਦਿਲ ਦੀਆਂ ਬਿਮਾਰੀਆਂ, ਦੋ ਨੰਬਰ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ, ਕੈਂਸਰ ਅਤੇ ਖੂਨ ਵਿੱਚ ਕੋਲੈਸਟਰੋਲ ਦੀ ਮਾਤਰਾ ਨੂੰ ਨਿਰੰਤਰ ਵਿੱਚ ਰੱਖਦਾ ਹੈ। ਜੌਂ ਕਈ ਪ੍ਰਕਾਰ ਦੇ ਵਿਟਾਮਿਨ ਅਤੇ ਧਾਤਾਂ ਜਿਵੇਂ ਨੀਆਸਿਨ, ਥਾਇਆਮਿਨ, ਪੈਰੀਡੌਕਸਿਨ (ਵਿਟਾਮਿਨ ਬੀ 6), ਪੋਟਾਸ਼ੀਅਮ, ਫੋਲੇਟ, ਲੋਹਾ, ਮੈਗਨੀਸ਼ੀਅਮ ਅਤੇ ਸੈਲੀਨੀਅਮ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ ਜੌਂਆਂ ਵਿੱਚ ਕਈ ਤਰ੍ਹਾਂ ਦੇ ਮਿਸ਼ਰਨ ਜਿਵੇਂ ਕਿ ਪ੍ਰੋਐਨਥੋਸਾਇਥਆਨੀਡਿਨ, ਸਿਟਰੋਲਸ, ਟੋਕੋਟ੍ਰੀਨੋਲਸ, ਫਿਰੂਲਿਕ ਐਸਿਡ ਆਦਿ ਮੌਜੂਦ ਹੁੰਦੇ ਹਨ ਜੋ ਪੌਸ਼ਟਿਕਤਾ ਵਧਾਉਣ ਵਿੱਚ ਸਹਾਈ ਹੁੰਦੇ ਹਨ।
ਸਰੀਰਕ ਸੁਧਾਰ ਤੋਂ ਇਲਾਵਾ ਜੌਂ ਵੱਖ-ਵੱਖ ਵਾਤਾਵਰਨਿਕ ਹਾਲਾਤ ਜਿਵੇਂ ਸੋਕਾ, ਖਾਰਾਪਣ ਅਤੇ ਵਧੇਰੇ ਤਾਪਮਾਨ ਨੂੰ ਵੀ ਸਹਾਰਨ ਦੀ ਸ਼ਕਤੀ ਰੱਖਦੇ ਹਨ। ਇਨ੍ਹਾਂ ਦੀ ਕਾਸ਼ਤ ਲਈ ਘੱਟ ਪਾਣੀ ਅਤੇ ਖਾਦਾਂ ਦੀ ਲੋੜ ਪੈਂਦੀ ਹੈ ਜਿਸ ਦੇ ਫਲਸਰੂਪ ਇਹ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਵੀ ਯੋਗਦਾਨ ਪਾਉਂਦੇ ਹਨ। ਕਿਸਾਨ ਛਿਲਕਾ ਰਹਿਤ ਜੌਂਆਂ ਦੀ ਖੇਤੀ ਅਪਣਾ ਕੇ ਸਿਹਤ ਦੇ ਨਾਲ-ਨਾਲ ਇਸ ਦੀ ਪ੍ਰਾਸੈਸਿੰਗ ਕਰ ਕੇ ਜੌਂਆਂ ਤੋਂ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ। ਛਿਲਕਾ ਰਹਿਤ ਜੌਂਆਂ ਦਾ ਦਲੀਆ, ਭੁੰਨ ਕੇ, ਰੋਟੀ (ਕਣਕ ਅਤੇ ਜੌਂਆਂ ਦਾ ਆਟਾ ਮਿਲਾ ਕੇ), ਬਿਸਕੁਟ, ਸੱਤੂ ਅਤੇ ਮਿੱਸੀ ਰੋਟੀ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹਨ। β-ਗਲੂਕਨ ਭਰਪੁੂਰ ਛਿਲਕਾ ਰਹਿਤ ਜੌਂਆਂ ਦੇ ਵੱਖ-ਵੱਖ ਪਦਾਰਥਾਂ ਦਾ ਮੰਡੀਕਰਨ ਕਰਨਾ ਵੀ ਰੁਜ਼ਗਾਰ ਦਾ ਵੱਡਾ ਸਾਧਨ ਬਣ ਸਕਦਾ ਹੈ। β-ਗਲੂਕਨ ਭਰਪੂਰ ਛਿਲਕਾ ਰਹਿਤ ਜੌਂਆਂ ਦੀ ਖੇਤੀ ਅਪਣਾ ਕੇ ਭਰਪੂਰ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਖ਼ਾਸ ਕਰ ਕੇ ਪੰਜਾਬ ਵਿੱਚ ਫ਼ਸਲੀ ਵੰਨ ਸਵੰਨਤਾ ਲਈ ਛਿਲਕਾ ਰਹਿਤ ਜੌਂ ਬਹੁਤ ਹੀ ਢੁੱਕਵੀਂ ਫ਼ਸਲ ਹੈ।
ਛਿਲਕੇ ਦੇ ਆਧਾਰ ’ਤੇ ਜੌਂ ਦੀਆਂ ਦੋ ਕਿਸਮਾਂ ਹਨ:
ਛਿਲਕੇ ਵਾਲੇ ਜੌਂ ਅਤੇ ਛਿਲਕਾ ਰਹਿਤ ਜੌਂ। ਛਿਲਕੇ ਵਾਲੇ ਜੌਂ ਪਸ਼ੂ ਖ਼ੁਰਾਕ ਅਤੇ ਮਾਲਟ ਅਤੇ ਮਾਲਟ ਆਧਾਰਤ ਪਦਾਰਥ ਜਿਵੇਂ ਕਿ ਬੀਅਰ ਅਤੇ ਵਿਸਕੀ ਬਣਾਉਣ ਵਿੱਚ ਵਰਤੇ ਜਾਂਦੇ ਹਨ ਜਦੋਂਕਿ ਛਿਲਕਾ ਰਹਿਤ ਜੌਂ ਮਨੁੱਖੀ ਖ਼ੁਰਾਕ ਲਈ ਵਰਤੇ ਜਾਂਦੇ ਹਨ। ਛਿਲਕਾ ਰਹਿਤ ਜੌਂ ਦਾ ਛਿਲਦਾ ਥਰੈਸ਼ਿੰਗ ਸਮੇਂ ਆਸਾਨੀ ਨਾਲ ਉਤਰ ਜਾਂਦਾ ਹੈ। ਇਸ ਦੇ ਫਲਸਰੂਪ ਇਸ ਨੂੰ ਆਸਾਨੀ ਨਾਲ ਖ਼ੁਰਾਕ ਵਜੋਂ ਵਰਤਿਆ ਜਾ ਸਕਦਾ ਹੈ। ਛਿਲਕੇ ਵਾਲੀ ਕਿਸਮ ਨੂੰ ਖਾਣ ਲਈ ਇਸ ਤੋਂ ਪਰਲਿੰਗ ਤਕਨੀਕ ਨਾਲ ਛਿਲਕਾ ਉਤਾਰਨਾ ਪੈਂਦਾ ਹੈ ਜਿਸ ਦੌਰਾਨ ਐਲਿਊਰਾਨ ਪਰਤ ਜਿਸ ਵਿੱਚ ਸਭ ਤੋਂ ਜ਼ਿਆਦਾ ਅਮਾਈਨੋਏਸਿਡ ਅਤੇ ਵਿਟਾਮਿਨ ਹੁੰਦੇ ਹਨ, ਉਤਰ ਜਾਂਦੀ ਹੈ। ਇਸ ਤੋਂ ਇਲਾਵਾ ਇਹ ਤਕਨੀਕ ਮਹਿੰਗੀ ਹੋਣ ਦੇ ਨਾਲ-ਨਾਲ ਸਮਾਂ ਵੀ ਵਧੇਰੇ ਲੈਂਦੀ ਹੈ। ਜੌਂਆਂ ਦਾ ਮਨੁੱਖੀ ਸਿਹਤ ਵਿੱਚ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਨੀਆਂ ਭਰ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਛਿਲਕਾ ਰਹਿਤ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ।
ਮਨੁੱਖੀ ਖ਼ੁਰਾਕ ਲਈ ਵਰਤੀ ਜਾਂਦੀ ਜੌਂਆਂ ਦੀ ਕਿਸਮ ਪੀਐੱਲ 891:
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਪੀਐੱਲ 891 ਜੌਂਆਂ ਦੀ ਛਿਲਕਾ ਰਹਿਤ ਕਿਸਮ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਦਾਣੇ ਵਿੱਚ 4.0-6.0 ਫ਼ੀਸਦੀ ਬੀਟਾ ਗਲੂਕਨ ਅਤੇ 12 ਪ੍ਰਤੀਸ਼ਤ ਪ੍ਰੋਟੀਨ ਮੌਜੂਦ ਹੈ। ਇਹ ਦੋ ਕਤਾਰਾਂ ਵਾਲੀ ਜੌਂਆਂ ਦੀ ਕਿਸਮ ਹੈ ਜੋ ਪੱਕਣ ਲਈ 144 ਦਿਨ ਲੈਂਦੀ ਹੈ। ਇਸ ਦਾ ਕੱਦ ਦਰਮਿਆਨਾ (102 ਸੈਂਟੀਮੀਟਰ) ਹੈ ਅਤੇ ਇਹ ਪੀਲੀ ਕੁੰਗੀ ਦੀਆਂ ਮੁੱਖ ਕਿਸਮਾਂ, ਭੂਰੀ ਕੁੰਗੀ ਅਤੇ ਪੱਤੇ ਦੇ ਝੁਲਸ ਰੋਗ ਪ੍ਰਤੀ ਸਹਿਣਸ਼ੀਲ ਹੈ। ਇਸ ਦਾ ਔਸਤਨ ਝਾੜ 16.8 ਕੁਇੰਟਲ/ਏਕੜ ਹੈ। ਜੌਂਆਂ ਦੀ ਇਸ ਕਿਸਮ ਦੀ ਕਾਸ਼ਤ ਦੀਆਂ ਉੱਨਤ ਤਕਨੀਕਾਂ ਹੇਠ ਲਿਖੇ ਅਨੁਸਾਰ ਹਨ, ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਆਪਣੀ ਜੌਂਆਂ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਣਗੇ।
ਪੀਐੱਲ 891 ਦੀ ਕਾਸ਼ਤ:
ਪੀਐੱਲ 891 ਦੀ ਕਾਸ਼ਤ ਉਪਜਾਊ ਜ਼ਮੀਨ ਉੱਪਰ ਹੀ ਕਰੋ, ਜੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋਈ ਤਾਂ ਇਸ ਦੇ ਦਾਣੇ ਮਾਰਜੂ ਰਹਿ ਜਾਣਗੇ ਜਿਸ ਕਰ ਕੇ ਛਿਲਕਾ ਉਤਰਨ ਵਿੱਚ ਵੀ ਸਮੱਸਿਆ ਆ ਸਕਦੀ ਹੈ ਅਤੇ ਇਨ੍ਹਾਂ ਨੂੰ ਫਿਰ ਹੱਥਾਂ ਨਾਲ ਛਿਲਕਾ ਰਹਿਤ ਕਰਨਾ ਪਵੇਗਾ। ਖੇਤ ਨਦੀਨ ਅਤੇ ਡਲਿਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਮਿੱਟੀ ਦੇ ਆਧਾਰ ’ਤੇ ਖੇਤ ਨੂੰ ਦੋ ਵਾਰ ਤਵੀਆਂ ਅਤੇ ਇਕ ਵਾਰ ਕਲਟੀਵੇਟਰ ਨਾਲ ਚੰਗੀ ਤਰ੍ਹਾਂ ਵਾਹ ਕੇ ਸੁਹਾਗਾ ਮਾਰਨਾ ਚਾਹੀਦਾ ਹੈ। ਬਹੁਤ ਜ਼ਰੂਰੀ ਹੈ ਕਿ ਬਿਜਾਈ ਸਮੇਂ ਸਿਰ ਕੀਤੀ ਜਾਵੇ। ਬਿਜਾਈ ਲਈ ਢੁੱਕਵਾਂ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ। ਇਸ ਕਿਸਮ ਦੇ ਦਾਣੇ ਮੋਟੇ ਹੁੰਦੇ ਹਨ, ਇਸ ਲਈ ਇਸ ਦੇ ਬੀਜ ਦੀ ਮਾਤਰਾ 50 ਕਿਲੋ ਪ੍ਰਤੀ ਏਕੜ ਵਰਤੋਂ ਕਰੋ। ਬੀਜ ਤੋਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਧਾਰੀਆਂ ਦਾ ਰੋਗ ਅਤੇ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਵੀਟਾਵੈਕਸ 75 ਡਬਲਯੂ ਪ੍ਰਤੀ ਕਿਲੋ ਬੀਜ ਲਈ 1.5 ਗ੍ਰਾਮ ਦਵਾਈ ਨਾਲ ਸੋਧ ਲਵੋ। ਕਿਸਾਨਾਂ ਨੂੰ ਚਾਹੀਦਾ ਹੈ ਕਿ ਬਿਜਾਈ ਬੀਜ ਅਤੇ ਖਾਦਾਂ ਵਾਲੀ ਡਰਿੱਲ ਨਾਲ ਕਰਨ। ਇਹ ਦੇਖਿਆ ਗਿਆ ਹੈ ਛਿੱਟੇ ਨਾਲ ਬਿਜਾਈ ਕਰਨ ਨਾਲ ਬੀਜ ਸਹੀ ਡੂੰਘਾਈ ’ਤੇ ਨਹੀਂ ਪੈਂਦਾ ਅਤੇ ਖੇਤ ਵਿੱਚ ਫ਼ਸਲ ਇਕਸਾਰ ਅਤੇ ਭਰਪੂਰ ਨਹੀਂ ਹੁੰਦੀ। ਬਿਜਾਈ ਸਮੇਂ ਸਿਆੜਾਂ ਦੀ ਵਿੱਥ 22.5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਖਾਦਾਂ ਦੀ ਘੱਟ ਵਰਤੋਂ ਨਾਲ ਫ਼ਸਲ ਕਮਜ਼ੋਰ ਹੋ ਸਕਦੀ ਹੈ ਅਤੇ ਵੱਧ ਵਰਤੋਂ ਨਾਲ ਫ਼ਸਲ ਡਿੱਗ ਪੈਂਦੀ ਹੈ। ਇਸ ਨਾਲ ਪੈਦਾਵਾਰ ਅਤੇ ਗੁਣਵੱਤਾ ’ਤੇ ਮਾੜਾ ਅਸਰ ਪੈਂਦਾ ਹੈ। ਖਾਦਾਂ ਵਿੱਚ 55 ਕਿਲੋ ਯੂਰੀਆ, 27 ਕਿਲੋਗਰਾਮ ਡੀਏਪੀ ਜਾਂ 75 ਕਿਲੋ ਸੁਪਰ ਫਾਸਫੋਰਟ ਅਤੇ 10 ਕਿਲੋ ਮਿਊਰੇਟ ਆਫ ਪੁਟਾਸ਼ ਪ੍ਰਤੀ ਕਿਲਾ ਪਾਉ। ਜੇ ਫਾਸਫੋਰਸ ਲਈ ਡੀਏਪੀ ਵਰਤ ਰਹੇ ਹੋ ਤਾਂ ਯੂਰੀਆ ਦੀ ਮਾਤਰਾ 10 ਕਿਲੋ ਪ੍ਰਤੀ ਕਿੱਲਾ ਘਟਾ ਦਿਵੋ। ਸਾਰੀਆਂ ਖਾਦਾਂ ਬਿਜਾਈ ਦੇ ਸਮੇਂ ਹੀ ਪਾਓ। ਚੰਗਾ ਝਾੜ ਪ੍ਰਾਪਤ ਕਰਨ ਲਈ ਯੂਰੀਆ ਰੌਣੀ ਤੋਂ ਫੌਰਨ ਪਹਿਲਾਂ ਪਾਓ। ਮਿੱਟੀ ਅਤੇ ਬਾਰਸ਼ ਅਨੁਸਾਰ ਆਮ ਤੌਰ ’ਤੇ ਇਸ ਕਿਸਮ ਨੂੰ ਦੋ-ਤਿੰਨ ਪਾਣੀਆਂ ਦੀ ਲੋੜ ਪੈਂਦੀ ਹੈ। ਪੱਕਣ ਤੋਂ ਬਾਅਦ ਜੌਂ ਜਲਦੀ ਹੀ ਵੱਢ ਲੈਣੇ ਚਾਹੀਦੇ ਹਨ ਨਹੀਂ ਤਾਂ ਫ਼ਸਲ ਪੱਕਣ ਤੋਂ ਬਾਅਦ ਜਲਦੀ ਡਿੱਗ ਪੈਂਦੀ ਹੈ ਅਤੇ ਦਾਣੇ ਕਿਰ ਜਾਂਦੇ ਹਨ। ਵਾਢੀ ਵੇਲੇ ਕੰਬਾਈਨ ਦੀ ਸਪੀਡ ਐਡਜਸਟ ਕਰਨ ਨਾਲ ਦਾਣੇ ਟੁੱਟਦੇ ਨਹੀਂ ਹਨ ਅਤੇ ਛਿਲਕਾ ਵੀ ਉੱਤਰ ਜਾਂਦਾ ਹੈ।
ਪੀਐੱਲ 891 ਤੋਂ ਬਣਦੇ ਖ਼ੁਰਾਕੀ ਪਦਾਰਥ: ਮਨੁੱਖੀ ਖ਼ੁਰਾਕ ਲਈ ਜੌਂਆਂ ਤੋਂ ਵੱਖ-ਵੱਖ ਪਦਾਰਥ ਬਣਦੇ ਹਨ ਜਿਵੇਂ ਕਿ ਮਲਟੀਗ੍ਰੇਨ ਆਟਾ, ਸੱਤੂ, ਦਲੀਆ, ਰੋਸਟਡ ਜੌਂ ਅਤੇ ਬਿਸਕੁਟ ਆਦਿ। ਜੌਂਆਂ ਦੇ ਆਟੇ ਦੀ ਵਰਤੋਂ ਬਿਸਕੁਟ, ਬਰੈੱਡ ਅਤੇ ਰੋਟੀ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਹ ਸਾਰੇ ਪਦਾਰਥ 30 ਫ਼ੀਸਦੀ ਜੌਂਆਂ ਦਾ ਆਟਾ ਅਤੇ 70 ਫ਼ੀਸਦੀ ਕਣਕ ਦਾ ਅਟਾ ਮਿਲਾ ਕੇ ਬਣਾਏ ਜਾ ਸਕਦੇ ਹਨ।ਉੱਤਰੀ ਭਾਰਤ ਵਿੱਚ ਭੁੰਨੇ ਹੋਏ ਜੌਂਆਂ ਤੋਂ ਸੱੱਤੂ ਤਿਆਰ ਕੀਤਾ ਜਾਂਦਾ ਹੈ ਜੋ ਗਰਮੀਆਂ ਵਿੱਚ ਬਹੁਤ ਹੀ ਲਾਹੇਵੰਦ ਪਦਾਰਥ ਹੈ ।
*ਪਲਾਂਟ ਬ੍ਰੀਡਿੰਗ, ਜੇਨੈਟਿਕਸ ਵਿਭਾਗ।
**ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।