ਕੁਲਦੀਪ ਸਿੰਘ
ਚੰਡੀਗੜ੍ਹ, 1 ਨਵੰਬਰ
ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰਿਕ ਬਾਡੀ ‘ਸੈਨੇਟ’ ਦੀਆਂ ਚੋਣਾਂ ਕਰਵਾਉਣ ਦੀ ਮੰਗ ਲਈ ਗਠਿਤ ਕੀਤੇ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਦਿਨ ਰਾਤ ਦਾ ਧਰਨਾ ਦੀਵਾਲ਼ੀ ਦੀ ਰਾਤ ਨੂੰ ਵੀ ਜਾਰੀ ਰਿਹਾ।
ਧਰਨੇ ਵਿੱਚ ਬੈਠੇ ਵਿਦਿਆਰਥੀਆਂ ਨੇ ਦਫ਼ਤਰ ਅੱਗੇ ਹੀ ਬੈਠ ਕੇ ਦੀਵੇ ਜਗਾ ਕੇ ਦੀਵਾਲ਼ੀ ਦੀ ਰਾਤ ਅਥਾਰਿਟੀ ਨੂੰ ਰੌਸ਼ਨੀ ਦਿਖਾਉਣ ਦਾ ਯਤਨ ਕੀਤਾ। ਅਥਾਰਿਟੀ ਵੱਲੋਂ ਧਰਨਾਕਾਰੀ ਵਿਦਿਆਰਥੀਆਂ ਨੂੰ ਧਰਨਾ ਚੁੱਕ ਕੇ ਰੈਲੀ ਗਰਾਊਂਡ ਵਿੱਚ ਲਿਜਾਣ ਸਬੰਧੀ ਸਕਿਓਰਿਟੀ ਰਾਹੀਂ ਭੇਜੇ ਨੋਟਿਸਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਵਾ ਕੀਤਾ ਗਿਆ।
ਮੋਰਚੇ ਵਿੱਚ ਸ਼ਾਮਲ ਵਿਦਿਆਰਥੀ ਆਗੂਆਂ ਵਿੱਚ ‘ਸੱਥ’ ਤੋਂ ਦਰਸ਼ਪ੍ਰੀਤ ਸਿੰਘ, ਸਾਹਿਬਜੀਤ ਸਿੰਘ, ਯੁਵਰਾਜ ਸਿੰਘ, ‘ਸੋਪੂ’ ਤੋਂ ਅਵਤਾਰ ਸਿੰਘ, ਬਲਰਾਜ ਸਿੰਘ, ‘ਅੰਬੇਡਕਰ ਸਟੂਡੈਂਟਸ ਫੈਡਰੇਸ਼ਨ’ ਤੋਂ ਗੁਰਦੀਪ ਸਿੰਘ ਆਦਿ ਨੇ ਕਿਹਾ ਕਿ 31 ਅਕਤੂਬਰ ਨੂੰ ਸੈਨੇਟ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਇੱਥੇ ਲੋਕਤੰਤਰਿਕ ਬਾਡੀ ਖ਼ਤਮ ਹੋ ਚੁੱਕੀ ਹੈ ਅਤੇ ਹੁਣ ਭਵਿੱਖ ਵਿੱਚ ਤਾਨਾਸ਼ਾਹ ਹੋ ਚੁੱਕੀ ਪੀਯੂ ਅਥਾਰਿਟੀ ਨੂੰ ਵਿਦਿਆਰਥੀ ਵਿਰੋਧੀ ਫ਼ੈਸਲੇ ਲੈਣ ਤੋਂ ਰੋਕਣ ਵਾਲ਼ਾ ਕੋਈ ਨਹੀਂ ਹੋਵੇਗਾ। ਕੇਂਦਰ ਸਰਕਾਰ ਇੱਥੇ ਬੋਰਡ ਆਫ ਗਵਰਨੈਂਸ ਸਥਾਪਿਤ ਕਰ ਕੇ ਇਸ ਤੋਂ ਪੰਜਾਬ ਦਾ ਹੱਕ ਬਿਲਕੁਲ ਹੀ ਖ਼ਤਮ ਕਰ ਕੇ ਸੰਘੀ ਢਾਂਚੇ ਨੂੰ ਕਾਬਜ਼ ਕਰ ਦੇਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਤੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਧਰਨਾ ਉਦੋਂ ਤੱਕ ਚੁੱਕਿਆ ਨਹੀਂ ਜਾਵੇਗਾ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦਾ ਐਲਾਨ ਕਰ ਕੇ ਪ੍ਰਕਿਰਿਆ ਸ਼ੁਰੂ ਨਹੀਂ ਕਰ ਦਿੱਤੀ ਜਾਂਦੀ।
’ਵਰਸਿਟੀ ਬਚਾਉਣ ਦੀ ਲੜਾਈਵਿੱਚ ਸਹਿਯੋਗ ਦੀ ਅਪੀਲ
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤਾ ਗਿਆ ਇਹ ਦਿਨ-ਰਾਤ ਦਾ ਧਰਨਾ ਕਿਸੇ ਛੋਟੀ ਮੰਗ ਦੇ ਲਈ ਨਹੀਂ ਬਲਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੜਾਈ ਹੈ। ਇਸ ਲਈ ਪੰਜਾਬ ਦੀ ਹਰ ਜਥੇਬੰਦੀ ਨੂੰ ਇਸ ਵਿਰਾਸਤੀ ਯੂਨੀਵਰਸਿਟੀ ਨੂੰ ਬਚਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ।