ਜਗਮੋਹਨ ਸਿੰਘ
ਘਨੌਲੀ, 1 ਨਵੰਬਰ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਆਲੋਵਾਲ ਵਿੱਚ ਸੱਭਿਆਚਾਰਕ ਮੇਲੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਅੰਦਰ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸਰਬ ਸਾਂਝਾ ਸੱਭਿਆਚਾਰਕ ਕਲੱਬ ਅਤੇ ਸ਼ਿਵ ਮੰਦਰ ਕਮੇਟੀ ਆਲੋਵਾਲ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਮਨਿੰਦਰ ਸਿੰਘ ਅਤੇ ਸਰਪੰਚ ਪਰਮਜੀਤ ਕੌਰ ਦੀ ਦੇਖ-ਰੇਖ ਅਧੀਨ ਕਰਵਾਏ ਪ੍ਰੋਗਰਾਮ ਦੌਰਾਨ ਸ੍ਰੀ ਬੈਂਸ ਨੇ ਪਿੰਡ ਆਲੋਵਾਲ ਦੀ ਗ੍ਰਾਮ ਪੰਚਾਇਤ ਲਈ 20 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕਰਦਿਆਂ ਕਿਹਾ ਕਿ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਕਾਰਜਾਂ ਤੋਂ ਵਿਰਵਾ ਨਹੀਂ ਰਹਿਣ ਦਿੱਤਾ ਜਾਵੇਗਾ।
ਉਨ੍ਹਾਂ ਨੌਜਵਾਨਾਂ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਸਾਰਾ ਧਿਆਨ ਖੇਡਾਂ ਤੇ ਪੜ੍ਹਾਈ ਵੱਲ ਕੇਂਦਰਤ ਰੱਖਣ। ਕਲੱਬ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਯਾਸਿਰ ਹੁਸੈਨ, ਨੇਤਰਪ੍ਰੀਤ ਸਿੰਘ, ਅਮਰ ਅਰਸ਼ੀ-ਨਰਿੰਦਰ ਜੋਤ, ਹਰਵਿੰਦਰ ਨੂਰਪੁਰੀ- ਦਵਿੰਦਰ ਦਿਓਲ ਤੇ ਮਨਿੰਦਰ ਮਾਨ ਆਦਿ ਕਲਾਕਾਰਾਂ ਨੇ ਭਗਵਾਨ ਵਿਸ਼ਵਕਰਮਾ ਦੀ ਉਸਤਤ ਕੀਤੀ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਆਨੰਦਪੁਰ ਸਾਹਿਬ ਕਮਿਕਰ ਸਿੰਘ ਡਾਢੀ, ਪ੍ਰਧਾਨ ‘ਆਪ’ ਬਲਾਕ ਭਰਤਗੜ੍ਹ ਜੁਝਾਰ ਸਿੰਘ ਮੁਲਤਾਨੀ, ਗੁਰਸੇਵਕ ਸਿੰਘ ਭਰਤਗੜ੍ਹ, ਹਰਮਿੰਦਰ ਕੌਰ ਕੋਟ ਬਾਲਾ, ਗਾਇਕ ਕਲਾਕਾਰ ਅਵਤਾਰ ਆਲੋਵਾਲੀਆ, ਸਾਹਿਤਕਾਰ ਗੁਰਚਰਨ ਸਿੰਘ, ਐਡਵੋਕੇਟ ਮਲਕੀਤ ਸਿੰਘ, ਮਨਜੀਤ ਸਿੰਘ ਆਲੋਵਾਲ ਆਦਿ ਸਣੇ ਇਲਾਕੇ ਦੇ ਵੱਡੀ ਗਿਣਤੀ ਪੰਚ, ਸਰਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ।