ਸ੍ਰੀਨਗਰ, 2 ਨਵੰਬਰ
ਜੰਮੂ ਅਤੇ ਕਸ਼ਮੀਰ ਵਿੱਚ ਸ੍ਰੀਨਗਰ ਦੇ ਖਾਨਯਾਰ ਖੇਤਰ ’ਚ ਸ਼ਨਿੱਚਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਕਾਰ ਇੱਕ ਮੁਕਾਬਲਾ ਸ਼ੁਰੂ ਹੋ ਗਿਆ। ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲੀਸ ਨੇ ਦਿੱਤੀ ਹੈ। ਜਾਣਕਾਰੀ ਮੁਤਾਬਕ ਮੁਕਾਬਲੇ ਵਾਲੀ ਥਾਂ ਦੋਵਾਂ ਧਿਰਾਂ ਦਰਮਿਆਨ ਜ਼ੋਰਦਾਰ ਗੋਲੀਬਾਰੀ ਜਾਰੀ ਹੈ।
ਕਸ਼ਮੀਰ ਜ਼ੋਨ ਪੁਲੀਸ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਇਕ ਪੋਸਟ ਵਿਚ ਕਿਹਾ, “ਜ਼ਿਲ੍ਹਾ ਸ੍ਰੀਨਗਰ ਦੇ ਖਾਨਯਾਰ ਖੇਤਰ ਵਿੱਚ ਇੱਕ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਦੌਰਾਨ ਗੋਲੀਬਾਰੀ ਹੋਈ। ਪੁਲੀਸ ਅਤੇ ਸੁਰੱਖਿਆ ਬਲ ਵੀ ਜਵਾਬੀ ਕਾਰਵਾਈ ਕਰ ਰਹੇ ਹਨ। ਛੇਤੀ ਹੀ ਹੋਰ ਵੇਰਵੇ ਮਿਲ ਸਕਦੇ ਹਨ।”
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਐਕਸ ‘ਤੇ ਇਕ ਪੋਸਟ ਵਿਚ ਭਾਰਤੀ ਫੌਜ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦਹਿਸ਼ਤਗਰਦਾਂ ਨੇ ਸੁਰੱਖਿਆ ਦਸਤਿਆਂ ‘ਤੇ ਗੋਲੀਬਾਰੀ ਕੀਤੀ ਅਤੇ ਜੰਗਲ ਵੱਲ ਫਰਾਰ ਹੋ ਗਏ।
ਚਿਨਾਰ ਕੋਰ ਦੀ ਇਸ ਟਵੀਟ ਵਿਚ ਕਿਹਾ ਗਿਆ ਹੈ, ‘‘1 ਨਵੰਬਰ, 2024 ਦੇਰ ਸ਼ਾਮ ਬਾਂਦੀਪੋਰਾ ਦੇ ਪਨਾਰ ਵਿੱਚ ਚੌਕਸ ਸੁਰੱਖਿਆ ਦਸਤਿਆਂ ਨੇ ਸ਼ੱਕੀ ਹਿਲਜੁਲ ਦੇਖੀ। ਵੰਗਾਰੇ ਜਾਣ ‘ਤੇ ਅਤਿਵਾਦੀ ਅੰਨ੍ਹੇਵਾਹ ਗੋਲੀਬਾਰੀ ਕਰਦੇ ਹੋਏ ਜੰਗਲ ਵਿੱਚ ਫਰਾਰ ਹੋ ਗਏ। ਤਲਾਸ਼ੀ ਮੁਹਿੰਮ ਜਾਰੀ ਹੈ।”
ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਅਖਨੂਰ ਵਿੱਚ ਇੱਕ ਫੌਜੀ ਕਾਫਲੇ ‘ਤੇ ਹਮਲੇ ਤੋਂ ਬਾਅਦ ਇੱਕ ਜ਼ੋਰਦਾਰ ਮੁਕਾਬਲੇ ਦੌਰਾਨ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਉਸ ਤੋਂ ਪਹਿਲਾਂ 20 ਅਕਤੂਬਰ ਨੂੰ ਗੰਦਰਬਲ ਜ਼ਿਲ੍ਹੇ ਵਿੱਚ ਸ੍ਰੀਨਗਰ-ਲੇਹ ਕੌਮੀ ਸ਼ਾਹਰਾਹ ‘ਤੇ ਇੱਕ ਸੁਰੰਗ ਦੀ ਉਸਾਰੀ ਵਾਲੀ ਥਾਂ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਇੱਕ ਡਾਕਟਰ ਅਤੇ ਛੇ ਉਸਾਰੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ। -ਏਐਨਆਈ