ਆਤਿਸ਼ ਗੁਪਤਾ
ਚੰਡੀਗੜ੍ਹ, 2 ਨਵੰਬਰ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਝੋਨੇ ਦੀ ਖਰੀਦ ਸਮੇਂ ਪੇਸ਼ ਆ ਰਹੀ ਸਮੱਸਿਆਵਾਂ ਅਤੇ ਡੀਏਪੀ ਦੀ ਘਾਟ ਕਰਕੇ ਸੂਬੇ ਭਰ ਵਿੱਚ ਹੋ ਰਹੀ ਕਾਲਾਬਾਜ਼ਾਰੀ ਖ਼ਿਲਾਫ਼ 5 ਨਵੰਬਰ ਨੂੰ ਪੰਜਾਬ ਭਰ ਵਿੱਚ ਵਿਧਾਨ ਸਭਾ ਹਲਕਾ ਪੱਧਰ ’ਤੇ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਹੈ, ਜਿਨ੍ਹਾਂ ਨੇ ਪਾਰਟੀ ਵਰਕਰਾਂ ਤੇ ਪੰਜਾਬ ਹਿਤੈਸ਼ੀ ਲੋਕਾਂ ਨੂੰ ਮੁਜ਼ਾਹਰਿਆਂ ਵਿੱਚ ਸ਼ਾਮਲ ਹੋ ਕੇ ਕੁੰਭਕਰਨੀ ਨੀਂਦ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਅਪੀਲ ਕੀਤੀ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 5 ਨਵੰਬਰ ਨੂੰ ਸਵੇਰੇ ਹਰ ਹਲਕੇ ਦੇ ਵਰਕਰ ਇਕੱਠੇ ਹੋ ਕੇ ਸ਼ਾਂਤਮਈ ਮੁਜ਼ਾਹਰਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਿਸਾਨੀ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਕਿਸਾਨ 15-20 ਦਿਨਾਂ ਤੋਂ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਵਾਸਤੇ ਬੈਠੇ ਹਨ ਪਰ ਨਾ ਹੀ ਖਰੀਦ ਹੋ ਰਹੀ ਹੈ ਅਤੇ ਨਾ ਹੀ ਲਿਫਟਿੰਗ ਦੇ ਪ੍ਰਬੰਧ ਦਰੁਸਤ ਹਨ। ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿੱਚ ਡੀਏਪੀ ਖਾਦ ਦੀ ਵੱਡੇ ਪੱਧਰ ਉੱਪਰ ਕਮੀ ਹੋਣ ਕਰਕੇ ਡੀਏਪੀ ਖਾਦ ਬਲੈਕ ਵਿੱਚ ਵਿਕਣੀ ਸ਼ੁਰੂ ਹੋ ਗਈ ਹੈ।ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਖਰੀਦ ਪ੍ਰਬੰਧਾਂ ਤੇ ਲਿਫਟਿੰਗ ਦੇ ਕੰਮ ਨੂੰ ਸੁਚਾਰੂ ਚਲਾਉਣ ਅਤੇ ਡੀਏਪੀ ਖਾਦ ਦੀ ਪੂਰਤੀ ਲਈ ਕੰਮ ਕਰਨ ਸਣੇ ਹਰ ਪੱਧਰ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।