ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਵੇਂ ਸੰਤੁਲਨ ਬਣਾ ਕੇ ਰੱਖਣਾ ਹੈ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਹੈ। ਉਹ ਸਿਰਫ਼ ਬਹੁਪੱਖੀ ਅਦਾਕਾਰ ਹੀ ਨਹੀਂ, ਸਗੋਂ ਇੱਕ ਪਿਆਰ ਕਰਨਾ ਵਾਲਾ ਪਤੀ, ਫ਼ਰਜ਼ ਨਿਭਾਉਣ ਵਾਲਾ ਪੁੱਤਰ ਅਤੇ ਵੱਡਾ ਭਰਾ ਵੀ ਹੈ। ਵਿੱਕੀ ਨੇ ਆਪਣੀ ਮਾਂ ਵੀਨਾ ਕੌਸ਼ਲ ਦੇ ਜਨਮ ਦਿਨ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ ਵਿੱਚ ਵਿੱਕੀ ਨੇ ਆਪਣੀ ਮਾਂ ਨਾਲ ਮਜ਼ਬੂਤ ਰਿਸ਼ਤੇ ਦੀ ਝਲਕ ਪੇਸ਼ ਕੀਤੀ ਹੈ। ਪਹਿਲੀ ਤਸਵੀਰ ਵਿੱਚ ਵਿੱਕੀ ਤੇ ਸਨੀ ਦੋਵਾਂ ਭਰਾਵਾਂ ਨੇ ਇੱਕੋ ਜਿਹੇ ਕੱਪੜੇ ਪਹਿਨੇ ਹੋਏ ਹਨ। ਦੋਵੇਂ ਆਪਣੀ ਮਾਂ ਨਾਲ ਖੁਸ਼ੀ-ਖੁਸ਼ੀ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਅਗਲੀ ਤਸਵੀਰ ਵਿੱਚ ਵਿੱਕੀ ਆਪਣੀ ਮਾਂ ਨੂੰ ਗਲਵੱਕੜੀ ਪਾ ਰਿਹਾ ਹੈ। ਉਨ੍ਹਾਂ ਸਾਂਝੀ ਕੀਤੀ ਤਸਵੀਰ ਦੇ ਨਾਲ ਹੀ ਪੰਜਾਬੀ ਵਿੱਚ ਲਿਖਿਆ, ‘‘ਕੁੱਟ ਬੜੀ ਖਾਧੀ ਤੇਰੀ, ਚੱਪਲਾਂ ਦੀ ਮਾਰ ਹਾਏ। ਜਨਮ ਦਿਨ ਦੀਆਂ ਵਧਾਈਆਂ ਮਾਂ!’’ ਵਿੱਕੀ ਕੌਸ਼ਲ ਵੱਲੋਂ ਸਾਂਝੀ ਕੀਤੀ ਤਸਵੀਰ ਦੇ ਨਾਲ ਹੀ ਪ੍ਰਸ਼ੰਸਕਾਂ ਤੇ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਦੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ। ਆਯੂਸ਼ਮਾਨ ਖੁਰਾਣਾ ਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਿਅਪ ਨੇ ‘ਦਿਲ’ ਵਾਲੀ ਇਮੋਜ਼ੀ ਸਾਂਝੀ ਕੀਤੀ ਹੈ। ਵੀਨਾ ਕੌਸ਼ਲ ਉੱਘੇ ਸਟੰਟ ਕੋਆਰਡੀਨੇਟਰ ਅਤੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੀ ਪਤਨੀ ਹੈ। ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ‘ਛਾਵਾ’ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਉਸ ਨੇ ਛੱਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 6 ਦਸੰਬਰ ਨੂੰ ਰਿਲੀਜ਼ ਹੋਵੇਗੀ। -ਏਐੱਨਆਈ