ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 3 ਅਕਤੂਬਰ
ਨੇੜਲੇ ਪਿੰਡ ਸ਼ਤਾਬਗੜ੍ਹ ਵਿੱਚ ਇਕ ਵਿਅਕਤੀ ਆਪਣੇ ਗੁਆਂਢ ਵਿੱਚ ਰਹਿੰਦੇ ਦੋ ਬੱਚਿਆਂ ਨੂੰ ਕਥਿਤ ਤੌਰ ’ਤੇ ਅਗਵਾ ਕਰ ਕੇ ਲੈ ਗਿਆ। ਪੁਲੀਸ ਵੱਲੋਂ ਕੇਸ ਦਰਜ ਕਰਨ ਮਗਰੋਂ ਅਗਵਾਕਾਰ ਅਰਜਨ ਦੀ ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸੀਸੀਟੀਵੀ ਕੈਮਰੇ ਦੀ ਵੀਡੀਓ ਫੂਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਸੰਜੂ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਹ ਪਿੰਡ ਸ਼ਤਾਗਬੜ੍ਹ ਵਿੱਚ ਕਿਸਾਨ ਦੇ ਘਰ ਵਿੱਚ ਕਿਰਾਏ ’ਤੇ ਰਹਿੰਦਾ ਹੈ ਅਤੇ ਮਜ਼ਦੂਰੀ ਕਰਦਾ ਹੈ। ਉਸ ਦੇ ਗੁਆਂਢ ਵਿੱਚ ਹੀ ਇੱਕ ਹੋਰ ਕੁਆਰਟਰ ਵਿੱਚ ਅਰਜਨ ਵਾਸੀ ਸਿਮਰੀ, ਵਾਰਡ ਨੰ. 5 ਖਹਿਲਾ ਮਿਸ਼ਰੀ, ਜ਼ਿਲ੍ਹਾ ਖਗੜੀਆ, ਬਿਹਾਰ ਆਪਣੇ ਬੱਚਿਆਂ ਸਣੇ ਰਹਿੰਦਾ ਸੀ। ਲੰਘੀ 31 ਅਕਤੂਬਰ ਦੀ ਦੁਪਹਿਰ ਨੂੰ ਅਰਜਨ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੇ ਕਿਹਾ ਕਿ ਉਹ ਦੀਵਾਲੀ ਦਾ ਸਾਮਾਨ ਤੇ ਪਟਾਕੇ ਲੈਣ ਲਈ ਮਾਛੀਵਾੜਾ ਸਾਹਿਬ ਜਾ ਰਿਹਾ ਹੈ ਅਤੇ ਦੋਵੇਂ ਬੱਚਿਆਂ ਵਿਜੈ (8) ਅਤੇ ਅਜੈ (7) ਨੂੰ ਨਾਲ ਲੈ ਗਿਆ। ਦੋਵੇਂ ਬੱਚੇ ਉਸ ਨੂੰ ਮਾਮਾ ਕਹਿੰਦੇ ਸਨ। ਅਰਜਨ ਤੇ ਬੱਚੇ ਜਦੋਂ ਵਾਪਸ ਨਾ ਆਏੇ ਤਾਂ ਭਾਲ ਕਰਨ ਮਗਰੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਜ਼ਿਕਰਯੋਗ ਹੈ ਕਿ ਅਰਜਨ ਦੀ ਪਤਨੀ ਘਟਨਾ ਤੋਂ ਕਰੀਬ 15 ਦਿਨ ਪਹਿਲਾਂ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਉਹ ਗੁਆਂਢ ਵਿੱਚ ਰਹਿੰਦੇ 2 ਬੱਚਿਆਂ ਨੂੰ ਤਾਂ ਲੈ ਗਿਆ ਪਰ ਆਪਣੇ 5 ਬੱਚੇ ਪਿੰਡ ਵਿੱਚ ਛੱਡ ਗਿਆ।