ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 3 ਨਵੰਬਰ
ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਸ਼ਨਿਚਰਵਾਰ ਦੀ ਦੇਰ ਰਾਤ ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਰੇਲ ਗੱਡੀ ਵਿੱਚ ਧਮਾਕਾ ਹੋਣ ਕਾਰਨ ਔਰਤ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ ਹੈ।
ਰੇਲਵੇ ਪੁਲੀਸ ਦੇ ਉਪ ਪੁਲੀਸ ਕਪਤਾਨ ਜਗਮੋਹਨ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਅਜੇ ਕੁਮਾਰ, ਉਸ ਦੀ ਪਤਨੀ ਸੰਗੀਤਾ ਕੁਮਾਰੀ, ਆਸ਼ੂਤੋਸ਼ ਪਾਲ ਅਤੇ ਸੋਨੂੰ ਕੁਮਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਆਤਿਸਬਾਜ਼ੀ ਕਾਰਨ ਵਾਪਰਿਆ ਅਤੇ ਮੁੱਢਲੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਕਿ ਰੇਲ ਗੱਡੀ ਦੇ ਡੱਬੇ ਵਿੱਚ ਇਕ ਬਾਲਟੀ ਵਿੱਚ ਪਟਾਕੇ ਪਏ ਸਨ ਜਿਸ ਵਿੱਚ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਕੰਨਵਲਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ 4 ਵਿਅਕਤੀ ਇਲਾਜ ਅਧੀਨ ਹਨ। ਯਾਤਰੀ ਰਾਕੇਸ਼ਪਾਲ ਨੇ ਦੱਸਿਆ ਕਿ ਗੱਡੀ ਦੇ ਡੱਬੇ ਵਿੱਚ ਅਚਾਨਕ ਧਮਾਕਾ ਹੋ ਗਿਆ ਜਿਸ ਕਾਰਨ ਸਵਾਰੀਆਂ ਵਿੱਚ ਹਫੜਾ-ਦਫੜੀ ਮੱਚ ਗਈ।