ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਗਿੱਲ ਰੋਡ ’ਤੇ ਨਗਰ ਨਿਗਮ ਜ਼ੋਨ ਸੀ ਨੇੜੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਅਤੇ ਮੋਟਰਸਾਈਕਲ ਸਵਾਰ ਦੀ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਨੇ ਬੱਸ ਡਰਾਈਵਰ ਨਾਲ ਦੁਰਵਿਹਾਰ ਕੀਤਾ ਅਤੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕੀਤੀ। ਡਰਾਈਵਰ ਨਾਲ ਕੁੱਟਮਾਰ ਕਰਨ ਤੋਂ ਬਾਅਦ ਹਮਲਾਵਰ ਉਥੋਂ ਫ਼ਰਾਰ ਹੋ ਗਏ। ਡਰਾਈਵਰ ਨੇ ਉਥੋਂ ਲੰਘ ਰਹੀਆਂ ਹੋਰ ਬੱਸਾਂ ਦੇ ਡਰਾਈਵਰਾਂ ਨੂੰ ਦੱਸਿਆ ਜਿਸ ਤੋਂ ਬਾਅਦ ਬੱਸ ਡਰਾਈਵਰਾਂ ਨੇ ਗਿੱਲ ਰੋਡ ਜਾਮ ਕਰ ਕੇ ਕਾਰਵਾਈ ਦੀ ਮੰਗ ਕੀਤੀ। ਗਿੱਲ ਰੋਡ ਦੇ ਦੋਵੇਂ ਪਾਸੇ ਲੰਮਾ ਟਰੈਫਿਕ ਜਾਮ ਲੱਗਣ ਕਾਰਨ ਉੱਥੇ ਮਾਹੌਲ ਤਣਾਅਪੂਰਨ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਬੱਸ ਡਰਾਈਵਰਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਸੀ। ਲੁਧਿਆਣਾ ਬੱਸ ਸਟੈਂਡ ਤੋਂ ਨਿਕਲ ਕੇ ਗਿੱਲ ਰੋਡ ਤੋਂ ਹੁੰਦੇ ਹੋਏ ਪਟਿਆਲਾ ਜਾਣਾ ਸੀ। ਗਿੱਲ ਰੋਡ ’ਤੇ ਗ਼ਲਤ ਪਾਸੇ ਤੋਂ ਆ ਰਹੇ ਮੋਟਰਸਾਈਕਲ ਨਾਲ ਬੱਸ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੇ ਬੱਸ ਚਾਲਕ ਨਾਲ ਬਦਸਲੂਕੀ ਕੀਤੀ। ਬੱਸ ਡਰਾਈਵਰ ਅਨੁਸਾਰ ਉਸ ਨੇ ਤੁਰੰਤ ਬੱਸ ਨੂੰ ਪਾਸੇ ’ਤੇ ਰੋਕ ਕੇ ਮੋਟਰਸਾਈਕਲ ਸਵਾਰ ਦਾ ਹਾਲ-ਚਾਲ ਜਾਣਨਾ ਚਾਹਿਆ ਪਰ ਮੋਟਰਸਾਈਕਲ ਸਵਾਰ ਨੇ ਗਾਲ੍ਹਾਂ ਕੱਢਣ ਦੇ ਨਾਲ-ਨਾਲ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਬੱਸ ਡਰਾਈਵਰ ਦੀ ਪੱਗ ਉਤਰ ਗਈ। ਗੁੱਸੇ ਵਿੱਚ ਆਏ ਬੱਸ ਚਾਲਕ ਨੇ ਉਥੋਂ ਲੰਘ ਰਹੇ ਆਪਣੇ ਸਾਥੀ ਬੱਸ ਡਰਾਈਵਰਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਹਮਲਾਵਰ ਉੱਥੋਂ ਫ਼ਰਾਰ ਹੋ ਗਏ। ਬੱਸ ਡਰਾਈਵਰਾਂ ਨੇ ਆਪਣੀਆਂ ਬੱਸਾਂ ਸੜਕ ਦੇ ਵਿਚਕਾਰ ਖੜ੍ਹੀਆਂ ਕਰ ਦਿੱਤੀਆਂ ਅਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਰਹੇ। ਕਾਫੀ ਦੇਰ ਤੱਕ ਸੜਕ ’ਤੇ ਹੰਗਾਮਾ ਹੁੰਦਾ ਰਿਹਾ ਅਤੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਇਸ ਤੋਂ ਬਾਅਦ ਪੁਲੀਸ ਨੇ ਆਈ ਕਾਰਵਾਈ ਦਾ ਭਰੋਸਾ ਮਿਲਣ ’ਤੇ ਬੱਸ ਡਰਾਈਵਰਾਂ ਨੇ ਧਰਨਾ ਹਟਾ ਦਿੱਤਾ। ਮੌਕੇ ’ਤੇ ਪੁੱਜੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।