ਨਵੀਂ ਦਿੱਲੀ, 5 ਨਵੰਬਰ
ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਉਹ ਪੰਜਾਬ ਵਿਚ ਝੋਨੇ ਦੀ ਖਰੀਦ ’ਚ ਦੇਰੀ ਕਰਕੇ ਕਣਕ ਦੀ ਬਿਜਾਈ ਪੱਛੜਨ ਬਾਰੇ ਸੂਬੇ ਦੇ ਖੇਤੀ ਮੰਤਰੀ ਨਾਲ ਚਰਚਾ ਕਰਨਗੇ। ਜੋੋਸ਼ੀ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਮੰਡੀ ਵਿਚ ਲਿਆਂਦੇ ‘ਇਕ ਇਕ ਦਾਣੇ’ ਦੀ ਖਰੀਦ ਕੀਤੀ ਜਾਵੇਗੀ। ਮੱਧ ਨਵੰਬਰ ਵਿਚ ਹੋਣ ਵਾਲੀ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਤਿਆਰ ਕਰਨ ਲਈ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਨਾਲ ਜੁੜੇ ਫ਼ਿਕਰਾਂ ਦਰਮਿਆਨ ਜੋਸ਼ੀ ਨੇ ਕਿਹਾ ਕਿ ਹਾਲ ਦੀ ਘੜੀ ਸਰਕਾਰ ਦੀ ਪਹਿਲੀ ਤਰਜੀਹ ਝੋਨੇ ਦੀ ਖਰੀਦ ਹੈ। ਸਬਸਿਡੀ ਦਰਾਂ ਉੱਤੇ ਭਾਰਤ ਬਰਾਂਡ ਹੇਠ ਕਣਕ ਦਾ ਆਟਾ ਤੇ ਚਾਵਲ ਵੇਚਣ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ, ‘‘ਇਸ ਵੇਲੇ ਸਾਡੀ ਤਰਜੀਹ ਝੋਨੇ ਦੀ ਖਰੀਦ ਹੈ। ਪਰਾਲੀ ਸਾੜਨ ਤੇ ਕਣਕ ਦੀ ਬਿਜਾਈ ਨਾਲ ਜੁੜੇ ਮਸਲੇ ਦੀ ਦੇਖ-ਰੇਖ ਖੇਤੀ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਹੈ।’’ ਉਂਜ ਜੋਸ਼ੀ ਨੇ ਕਿਹਾ ਕਿ ਦੋਵੇਂ ਮੰਤਰਾਲੇ ਇਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ, ‘‘ਅਸੀਂ ਉਸ ਪਹਿਲੂ ਉੱਤੇ ਵੀ ਨਜ਼ਰ ਮਾਰਾਂਗੇ। ਇਸ ਵੇਲੇ ਸਾਡੀ ਤਰਜੀਹ ਝੋਨੇ ਦੀ ਖਰੀਦ ਹੈ। ਮੇਰਾ ਪ੍ਰਮੁੱਖ ਸਰੋਕਾਰ ਇਹ ਹੈ ਕਿ ਕਿਸਾਨ ਇਸ ਵੇਲੇ ਕਿਸੇ ਤਰ੍ਹਾਂ ਦੀ ਫ਼ਿਕਰ ਨਾ ਕਰਨ।’’ ਕਣਕ ਦੀ ਬਿਜਾਈ ਪਛੜਨ ਨਾਲ ਉਤਪਾਦਨ ਅਸਰਅੰਦਾਜ਼ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਜੋਸ਼ੀ ਨੇ ਕਿਹਾ, ‘‘ਮੇਰੇ ਕੋਲ ਬਹੁਤੇ ਵੇਰਵੇ ਨਹੀਂ ਹਨ। ਅਗਲੇ ਦੋ ਤਿੰਨ ਦਿਨਾਂ ਵਿਚ ਮੈਂ (ਪੰਜਾਬ ਦੇ) ਖੇਤੀ ਮੰਤਰੀ ਨੂੰ ਮਿਲਾਂਗਾ। ਮੈਨੂੰ ਵੀ ਓਨੀ ਹੀ ਫ਼ਿਕਰ ਹੈ ਕਿਉਂਕਿ ਅਸੀਂ ਕਣਕ ਦੀ ਵੰਡ ਜਨਤਕ ਵੰਡ ਸਕੀਮ ਤਹਿਤ ਕਰਦੇ ਹਾਂ।’’ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਖਰੀਦ ਨੇ ਰਫ਼ਤਾਰ ਫੜ ਲਈ ਹੈ, 4 ਨਵੰਬਰ ਨੂੰ ਇਕ ਦਿਨ ਵਿਚ 6.29 ਲੱਖ ਟਨ ਝੋਨੇ ਦੀ ਖਰੀਦ ਹੋਈ, ਜਦੋਂਕਿ ਸਾਲ ਪਹਿਲਾਂ ਇਹ ਅੰਕੜਾ 5.34 ਲੱਖ ਟਨ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ 119 ਲੱਖ ਟਨ ਦੇ ਮੁਕਾਬਲੇ ਕੁਲ ਖਰੀਦ 98.42 ਲੱਖ ਟਨ ਨੂੰ ਪਹੁੰਚ ਗਈ ਹੈ। 20-28 ਲੱਖ ਟਨ ਦੀ ਜਿਹੜੀ ਕਮੀ ਰਹੀ ਉਹ ਮੀਂਹ ਕਰਕੇ ਸੀ। -ਪੀਟੀਆਈ