ਯੇਰੂਸ਼ਲਮ, 5 ਨਵੰਬਰ
ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ ’ਤੇ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ’ਚ ਘੱਟ ਤੋਂ ਘੱਟ 30 ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਜ ਤੜਕੇ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲੇ ’ਚ 10 ਦੀ ਮੌਤ ਹੋਈ, ਜਿਨ੍ਹਾਂ ਚਾਰ ਬੱਚੇ ਤੇ ਦੋ ਮਹਿਲਾਵਾਂ ਵੀ ਸ਼ਾਮਲ ਹਨ, ਜਦਕਿ ਬੀਤੇ ਦਿਨ ਉੱਤਰੀ ਗਾਜ਼ਾ ਦੇ ਸ਼ਹਿਰ ਬੇਲ ਲਾਹਿਆ ’ਚ ਕੀਤੇ ਹਮਲਿਆਂ ’ਚ ਅੱਠ ਮਹਿਲਾਵਾਂ ਤੇ ਛੇ ਬੱਚਿਆਂ ਸਮੇਤ ਘੱਟੋ ਘੱਟ 20 ਜਣਿਆਂ ਦੀ ਮੌਤ ਹੋ ਗਈ ਸੀ। ਨੇੜਲੇ ਹਸਪਤਾਲ ਜਿੱਥੇ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ ਉਸ ਦੇ ਡਾਇਰੈਕਟਰ ਹੁੱਸਾਮ ਅਬੂ ਸਫੀਆ ਨੇ ਦੱਸਿਆ ਕਿ ਬੀਤੇ ਦਿਨ ਬੇਤ ਲਾਹਿਆ ਸ਼ਹਿਰ ’ਚ ਜਿਸ ਇਮਾਰਤ ’ਤੇ ਹਮਲਾ ਕੀਤਾ ਗਿਆ ਉਸ ਵਿੱਚ ਕਈ ਪਰਿਵਾਰਾਂ ਨੇ ਪਨਾਹ ਲਈ ਹੋਈ ਸੀ। ਇਜ਼ਰਾਈਲ ਦੀ ਸੈਨਾ ਵੱਲੋਂ ਇਸ ਮਾਮਲੇ ’ਚ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਇਜ਼ਰਾਈਲ ਕਰੀਬ ਇੱਕ ਮਹੀਨੇ ਤੋਂ ਵੱਡੇ ਪੱਧਰ ’ਤੇ ਉੱਤਰੀ ਗਾਜ਼ਾ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਸ ਨੇ ਬੇਤ ਲਾਹਿਆ, ਨਜ਼ਦੀਕੀ ਸ਼ਹਿਰ ਬੇਤ ਹੁਨਾਨ ਤੇ ਸ਼ਹਿਰੀ ਜਾਬਲੀਆ ਸ਼ਰਨਾਰਥੀ ਕੈਂਪ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਪਿਛਲੇ ਇੱਕ ਮਹੀਨੇ ਤੋਂ ਤਕਰੀਬਨ ਨਾ ਦੇ ਬਰਾਬਰ ਮਨੁੱਖੀ ਸਹਾਇਤ ਪਹੁੰਚਾਉਣ ਦੀ ਇਜਾਜ਼ਤ ਦਿੱਤੀ ਹੈ। -ਪੀਟੀਆਈ