ਪੱਤਰ ਪ੍ਰੇਰਕ
ਜਲੰਧਰ, 5 ਨਵੰਬਰ
ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ 7, 8, 9 ਨਵੰਬਰ ਨੂੰ ਲੱਗ ਰਿਹਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ ਭਖ਼ਦੇ ਮੁੱਦਿਆਂ ’ਤੇ ਕੇਂਦਰਿਤ ਹੋਵੇਗਾ। ਇਸ ਸਬੰਧੀ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਗ਼ਦਰੀ ਬਾਬਿਆਂ ਦਾ ਮੇਲਾ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਵੇਗਾ। ਮੇਲੇ ਦੇ ਆਖਰੀ ਦਿਨ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਅਦਾ ਕਰਨਗੇ। 9 ਨਵੰਬਰ ਦੁਪਹਿਰ ਵੇਲੇ ਵਿਸ਼ਵ ਪ੍ਰਸਿੱਧ ਵਿਦਵਾਨ ਅਰੁੰਧਤੀ ਰਾਏ ਅਤੇ ਨਿਊਜ਼ ਕਲਿੱਕ ਦੇ ਸੰਸਥਾਪਕ ਸੰਪਾਦਕ ਪ੍ਰਬੀਰ ਸੰਬੋਧਨ ਕਰਨਗੇ। ਇਸ ਦਿਨ ਸ਼ਾਮ 4 ਵਜੇ ‘ਖੇਤੀ ਅਤੇ ਪਾਣੀ ਸੰਕਟ’ ਵਿਸ਼ੇ ਉਪਰ ਕਮੇਟੀ ਦੇ ਪ੍ਰਤੀਨਿੱਧ ਜਗਰੂਪ, ਰਮਿੰਦਰ ਪਟਿਆਲਾ, ਸੁਖਵਿੰਦਰ ਸੇਖੋਂ, ਕੁਲਵੰਤ ਸੰਧੂ, ਵਿਜੈ ਬੰਬੇਲੀ ਅਤੇ ਡਾ. ਪਰਮਿੰਦਰ ਸੰਬੋਧਨ ਕਰਨਗੇ। ਮੰਚ ਸੰਚਾਲਨ ਪ੍ਰੋ. ਗੋਪਾਲ ਬੁੱਟਰ ਕਰਨਗੇ। ਉਨ੍ਹਾਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ ਵਿੱਚ ਗ਼ਦਰ ਪਾਰਟੀ ਦੇ ਪਹਿਲੇ ਖਜ਼ਾਨਚੀ ‘ਕਾਂਸ਼ੀ ਰਾਮ ਮੜੌਲੀ ਨਗਰ’, ਸ਼ਹੀਦ ਭਗਤ ਸਿੰਘ ਆਡੀਟੋਰੀਅਮ ਨੂੰ ਪਗੜੀ ਸੰਭਾਲ ਲਹਿਰ ਦੇ ਬਾਨੀ ‘ਅਜੀਤ ਸਿੰਘ ਪੰਡਾਲ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਨੂੰ ਫਾਸ਼ੀਵਾਦ ਖਿਲਾਫ਼ ਲੜਨ ਵਾਲੇ ਜੁਝਾਰੂਆਂ ਵਿੱਚ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਸੰਗਰਾਮੀਏ ਦੇ ਨਾਂ ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਪੰਡਾਲ’ ਦਾ ਨਾਂ ਦਿੱਤਾ ਜਾਵੇਗਾ। 7 ਨਵੰਬਰ ਨੂੰ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਗਾਈ ਜਾਵੇਗੀ। 8 ਨੂੰ ਕੁਇਜ਼, ਪੇਂਟਿੰਗ, ਗਾਇਨ ਅਤੇ ਭਾਸ਼ਣ ਮੁਕਾਬਲੇ ਹੋਣਗੇ।