ਹਤਿੰਦਰ ਮਹਿਤਾ
ਜਲੰਧਰ, 5 ਨਵੰਬਰ
ਲਾਲ ਬਾਜ਼ਾਰ ਸਥਿਤ ਸਰਾਫ਼ਾ ਬਾਜ਼ਾਰ ਦੇ ਜਿਊਲਰਾਂ ’ਤੇ ਕਰੀਬ 25 ਤੋਲੇ ਦਾ ਸੋਨਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਊਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਕੁਮਾਰ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਦੇ ਧਿਆਨ ’ਚ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ ਪਰ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਐੱਸਐੱਮ ਜਿਊਲਰਜ਼ ਦੇ ਮਾਲਕ ਦੋ ਸਕੇ ਭਰਾ ਸੰਨੀ ਤੇ ਮਨੀ ’ਤੇ ਧੋਖਾਧੜੀ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ 2 ਪੀੜਤਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲੀਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾਂ ਨੇ ਦੱਸਿਆ ਹੈ ਕਿ ਦੋਵੇਂ ਵਿਅਕਤੀ ਉਨ੍ਹਾਂ ਦਾ ਸੋਨਾ ਲੈ ਕੇ ਫ਼ਰਾਰ ਹੋ ਗਏ ਹਨ। ਪੀੜਤ ਸੁਨੀਲ ਕੁਮਾਰ ਅਤੇ ਮਨੋਜ ਕੁਮਾਰ ਨੇ ਮੀਡੀਆ ਸਾਹਮਣੇ ਆ ਕੇ ਦੋਸ਼ ਲਾਇਆ ਕਿ ਐੱਸਐੱਮ ਜਿਊਲਰਜ਼ ਨੇ 25 ਤੋਲੇ ਸੋਨਾ ਹੜੱਪ ਲਿਆ ਹੈ। ਪੀੜਤ ਨੇ ਦੱਸਿਆ ਕਿ ਉਸ ਨੇ ਪੁਲੀਸ ਕਮਿਸ਼ਨਰ ਦਫ਼ਤਰ ’ਚ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਹੈ ਤੇ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਉਸ ਕੋਲ ਧੋਖਾਧੜੀ ਦੇ ਸਾਰੇ ਸਬੂਤ ਹਨ। ਪੀੜਤ ਸੁਨੀਲ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਬੱਚਿਆਂ ਲਈ ਸੋਨਾ ਰੱਖ ਲਿਆ ਸੀ। ਪੀੜਤ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਦਾ 8 ਤੋਲਾ ਸੋਨਾ ਲੈ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਮਨੋਜ ਕੁਮਾਰ ਨੇ ਦੱਸਿਆ ਕਿ ਸੰਨੀ ਤੇ ਮਨੀ ਉਸ ਦਾ 17 ਤੋਲੇ ਦੇ ਕਰੀਬ ਸੋਨਾ ਲੈ ਕੇ ਫ਼ਰਾਰ ਹੋ ਗਏ। ਪੀੜਤਾਂ ਨੇ ਦੱਸਿਆ ਕਿ ਉਹ ਪ੍ਰਧਾਨ ਹਰਜੀਤ ਨੂੰ ਲੈ ਕੇ ਸਰਾਫ਼ ਦੇ ਘਰ ਗਏ ਪਰ ਸੰਨੀ ਤੇ ਮਨੀ ਘਰੋਂ ਗਾਇਬ ਸਨ।