ਗਗਨਦੀਪ ਅਰੋੜਾ
ਲੁਧਿਆਣਾ, 5 ਨਵੰਬਰ
ਸ਼ਿਵ ਸੈਨਾ ਆਗੂਆਂ ਦੇ ਘਰਾਂ ਦੇ ਬਾਹਰ ਪੈਟਰੋਲ ਬੰਬ ਨਾਲ ਹਮਲਾ ਕਰਕੇ ਦਹਿਸ਼ਤ ਫੈਲਾਉਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚਾਰ ਸਮਰਥਕਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਫ਼ਰਾਰ ਹੈ। ਪੰਜਾਬ ਕਾਊਂਟਰ ਇੰਟੈਲੀਜੈਂਸ ਅਤੇ ਲੁਧਿਆਣਾ ਪੁਲੀਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਬੂਥਗੜ੍ਹ ਜ਼ਿਲ੍ਹਾ ਲੁਧਿਆਣਾ, ਰਵਿੰਦਰਪਾਲ ਸਿੰਘ ਉਰਫ਼ ਰਵੀ (38), ਮਨੀਸ਼ ਸਾਹਿਦ ਉਰਫ਼ ਸੰਜੂ (30) ਅਤੇ ਅਨਿਲ ਕੁਮਾਰ ਉਰਫ਼ ਹਨੀ (27) ਵਾਸੀ ਰਾਹੋਂ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲੀਸ ਟੀਮਾਂ ਨੇ ਵਾਰਦਾਤ ਵਿੱਚ ਵਰਤਿਆ ਲਾਲ ਰੰਗ ਦਾ ਟੀਵੀਐੱਸ ਰੇਡਰ ਮੋਟਰਸਾਈਕਲ (ਪੀਬੀ 32 ਏਸੀ 3770) ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਨਿਊ ਚੰਦਰ ਨਗਰ ਇਲਾਕੇ ’ਚ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ 16 ਅਕਤੂਬਰ ਦੀ ਰਾਤ ਕਰੀਬ 10.45 ਵਜੇ ਤਿੰਨ ਵਿਅਕਤੀਆਂ ਨੇ ਪੈਟਰੋਲ ਬੰਬ ਸੁੱਟਿਆ ਸੀ। ਕਰੀਬ ਪੰਦਰਾਂ ਦਿਨ ਬਾਅਦ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਦੇ ਘਰ ’ਤੇ ਵੀ ਅਜਿਹਾ ਹੀ ਪੈਟਰੋਲ ਬੰਬ ਹਮਲਾ ਹੋਇਆ ਸੀ। ਸ੍ਰੀ ਚਾਹਲ ਨੇ ਦੱਸਿਆ ਕਿ ਦੋਵਾਂ ਖੇਤਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਮਗਰੋਂ ਪਤਾ ਲੱਗਿਆ ਕਿ ਦੋਵਾਂ ਵਾਰਦਾਤਾਂ ਵਿੱਚ ਇੱਕੋ ਮੋਟਰਸਾਈਕਲ ਵਰਤਿਆ ਗਿਆ। ਇਸ ਮਗਰੋਂ ਮੁਲਜ਼ਮਾਂ ਦਾ ਪਤਾ ਲੱਗ ਗਿਆ ਅਤੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਡਿਊਲ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ ਸਮਰਥਕ ਵਿਦੇਸ਼ੀ ਹੈਂਡਲਰ ਹਰਜੀਤ ਸਿੰਘ ਉਰਫ਼ ਲਾਡੀ ਚਲਾ ਰਿਹਾ ਹੈ।
ਮਨੀਸ਼ ਸੋਸ਼ਲ ਮੀਡੀਆ ਰਾਹੀਂ ਆਇਆ ਸੀ ਲਾਡੀ ਦੇ ਸੰਪਰਕ ਵਿੱਚ
ਮੁਲਜ਼ਮ ਮਨੀਸ਼ ਸੋਸ਼ਲ ਮੀਡੀਆ ਰਾਹੀਂ ਮੁਲਜ਼ਮ ਲਾਡੀ ਦੇ ਸੰਪਰਕ ਵਿੱਚ ਆਇਆ ਸੀ। ਲਾਡੀ ਨੇ ਮਨੀਸ਼ ਨੂੰ ਪੈਸੇ ਦਾ ਲਾਲਚ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ। ਮਨੀਸ਼ ਨੇ ਹੀ ਬਾਕੀ ਮੁਲਜ਼ਮਾਂ ਨੂੰ ਪੈਸੇ ਦਾ ਲਾਲਚ ਦਿੱਤਾ ਅਤੇ ਮਗਰੋਂ ਪੂਰੀ ਰੇਕੀ ਕੀਤੀ ਗਈ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਵਿਦੇਸ਼ ਤੋਂ ਫੰਡਿੰਗ ਮਿਲੀ ਹੈ। ਉਨ੍ਹਾਂ ਦੇ ਸਾਰੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਕਾਸ ਪ੍ਰਭਾਕਰ ਕਤਲ ਕੇਸ ’ਚ ਵੀ ਲੋੜੀਂਦਾ ਹੈ ਲਾਡੀ਼
ਪੁਲੀਸ ਨੇ ਦੱਸਿਆ ਕਿ ਵਿਦੇਸ਼ੀ ਹੈਂਡਲਰ ਹਰਜੀਤ ਸਿੰਘ ਉਰਫ਼ ਲਾਡੀ ਪੰਜਾਬ ਦੇ ਨੰਗਲ ਵਿੱਚ ਵਿਕਾਸ ਪ੍ਰਭਾਕਰ ਦੇ ਕਤਲ ਵਿੱਚ ਲੋੜੀਂਦਾ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਉਸ ’ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।