ਪੁਣੇ, 6 ਨਵੰਬਰ
Pune gang-rape case: ਪੁਲੀਸ ਨੇ ਪੁਣੇ ਦੀ ਇੱਕ ਅਦਾਲਤ ਨੂੰ ਦੱਸਿਆ ਹੈ ਕਿ ਇੱਥੇ ਨੇੜੇ ਇੱਕ 21 ਸਾਲਾ ਔਰਤ ਨਾਲ 3 ਅਕਤੂਬਰ ਨੂੰ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਨੇ ਆਪਣੇ ਦੋਸਤ ਬਾਰੇ ਗਲਤ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਜੋ ਇਸ ਅਪਰਾਧ ਵਿੱਚ ਵੀ ਸ਼ਾਮਲ ਸੀ ਅਤੇ ਫਰਾਰ ਹੈ।
ਅਪਰਾਧ ਸ਼ਾਖਾ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਅਦਾਲਤ ਨੂੰ ਦੱਸਿਆ ਕਿ ਪੁਲੀਸ ਨੂੰ ਹੁਣ ਤੀਜੇ ਦੋਸ਼ੀ ਦਾ ਅਸਲੀ ਨਾਂ ਮਿਲ ਗਿਆ ਹੈ ਅਤੇ ਉਹ ਉਸ ਨੂੰ ਲੱਭਣ ਦੇ ਮਿਸ਼ਨ ’ਤੇ ਹਨ। ਪੁਲੀਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਮਾਮਲੇ ਵਿੱਚ ਹੋਰ ਪੁੱਛਗਿੱਛ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਨੂੰ ਨਿਆਂਇਕ ਰਿਮਾਂਡ ਵਿੱਚ ਭੇਜ ਦਿੱਤਾ ਜਾਵੇ। ਇਸ ਮਗਰੋਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 8 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਦੇ ਦਿੱਤਾ।
ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਮੂਲ ਨਿਵਾਸੀ ਚੰਦਰਕੁਮਾਰ ਰਵੀਪ੍ਰਸਾਦ ਕਨੌਜੀਆ ਅਤੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਰਹਿਣ ਵਾਲੇ ਅਖਤਰ ਬਾਬੂ ਸ਼ੇਖ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੇਖ ਨੇ ਪੁਲੀਸ ਨੂੰ ਆਪਣੇ ਪਿਤਾ ਦਾ ਗਲਤ ਨਾਮ ਵੀ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਬਾਹਰਵਾਰ ਬੋਪਦੇਵ ਘਾਟ ਖੇਤਰ ਵਿੱਚ 3 ਅਕਤੂਬਰ ਦੀ ਰਾਤ ਨੂੰ ਇੱਕ ਪੁਰਸ਼ ਦੋਸਤ ਨਾਲ ਘੁੰਮਣ ਦੇ ਦੌਰਾਨ ਔਰਤ ਨਾਲ ਕਥਿਤ ਤੌਰ ’ਤੇ ਤਿੰਨ ਵਿਅਕਤੀਆਂ ਨੇ ਜਬਰ ਜਨਾਹ ਕੀਤਾ ਸੀ ਅਤੇ ਹਮਲਾਵਰਾਂ ਨੇ ਉਸ ਦੀ ਸਹੇਲੀ ਦੀ ਵੀ ਕੁੱਟਮਾਰ ਕੀਤੀ। ਇਸ ਸਬੰਧੀ ਪੁਲੀਸ ਨੇ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦਾ ਉਦੇਸ਼ ਜਲਦੀ ਤੋਂ ਜਲਦੀ ਜਾਂਚ ਨੂੰ ਪੂਰਾ ਕਰਨਾ, ਚਾਰਜਸ਼ੀਟ ਦਾਇਰ ਕਰਨਾ ਅਤੇ ਜਲਦੀ ਦੋਸ਼ੀ ਠਹਿਰਾਉਣ ਲਈ ਕੇਸ ਨੂੰ ਤੇਜ਼ ਕਰਨਾ ਹੈ। -ਪੀਟੀਆਈ