ਵਾਸ਼ਿੰਗਟਨ, 6 ਨਵੰਬਰ
US elections Result 2024: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ (Republican Party) ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ (Donald Trump) ਅਤੇ ਡੈਮੋਕਰੈਕਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ (Kamala Harris) ਨੇ ਆਪੋ ਆਪਣੇ ਗੜ੍ਹ ਮੰਨੇ ਜਾਂਦੇ ਸੂਬਿਆਂ ਵਿਚ ਜਿੱਤ ਦਰਜ ਕੀਤੀ ਹੈ। ਟਰੰਪ ਨੇ 270 ਇਲੈਕਟੋਰਲ ਵੋਟ ਹਾਸਲ ਕਰ ਲਏ ਹਨ ਜਦੋਂਕਿ ਹੈਰਿਸ 224 ਇਲੈਕਟੋਰਲ ਵੋਟਾਂ ਨਾਲ ਪਛੜ ਗਈ ਹੈ। ਵ੍ਹਾਈਟ ਹਾਊਸ ਜਾਣ ਲਈ 270 ਇਲੈਕਟੋਰਲ ਵੋਟਾਂ ਦੀ ਲੋੜ ਹੈ। ਰਿਪਬਲਿਕਨ ਪਾਰਟੀ ਨੇ ਅਮਰੀਕੀ ਕਾਂਗਰਸ (ਸੰਸਦ) ਦੇ ਉਪਰਲੇ ਤੇ ਤਾਕਤਵਰ ਸਦਨ ਸੈਨੇਟ ਵਿਚ ਬਹੁਮਤ ਹਾਸਲ ਕਰ ਲਿਆ ਹੈ। ਰਿਪਬਲਿਕਨਾਂ ਨੂੰ ਚਾਰ ਸਾਲਾਂ ਵਿਚ ਪਹਿਲੀ ਵਾਰ ਸੈਨੇਟ ਵਿਚ ਬਹੁਮਤ ਮਿਲਿਆ ਹੈ।
ਟਰੰਪ ਨੇ ਉੱਤਰੀ ਕੈਰੋਲਾਈਨਾ, ਕਾਨਸਾਸ, ਮਿਸੌਰੀ, ਉਟਾਹ, ਮੋਂਟਾਨਾ, ਫਲੋਰਿਡਾ ਵਿਚ ਵੀ ਜਿੱਤ ਦਰਜ ਕੀਤੀ ਹੈ ਜਦੋਂਕਿ ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਕੋਲੋਰਾਡੋ, ਨਿਊਯਾਰਕ, ਕੈਲੀਫੋਰਨੀਆ, ਮੈਸਾਚਿਊਸੈਟਸ ਅਤੇ ਇਲੀਨੌਇਸ ਤੋਂ ਜਿੱਤ ਹਾਸਲ ਕੀਤੀ ਹੈ। ਡੈਮੋਕਰੇਕਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਮੂਰਤੀ ਇਲੇਨੌਇਸ ਦੇ 8ਵੇਂ ਕਾਂਗਰਸ ਜ਼ਿਲ੍ਹੇ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੇ ਲਈ ਫਿਰ ਚੋਣ ਜਿੱਤ ਗਏ। ਇਨ੍ਹਾਂ ਸੱਤ ਰਾਜਾਂ ਵਿਚੋ ਛੇ ਵਿੱਚ ਟਰੰਪ ਤੇ ਹੈਰਿਸ ਵਿਚਕਾਰ ਸਖ਼ਤ ਮੁਕਾਬਲਾ ਹੈ। ਡੈਮੋਕਰੈਟ ਰੋਅ ਖੰਨਾ ਕੈਲੀਫੋਰਨੀਆ ਤੋਂ ਮੁੜ ਚੋਣ ਜਿੱਤ ਗਏ ਹਨ। –ਪੀਟੀਆਈ