ਪੱਤਰ ਪ੍ਰੇਰਕ
ਸ਼ਾਹਕੋਟ, 5 ਨਵੰਬਰ
ਕੈਂਟਰ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਾਗਰ (21) ਪੁੱਤਰ ਜੋਗਿੰਦਰ ਸਿੰਘ ਵਾਸੀ ਜਲਾਸਪੁਰ ਖੁਰਦ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਮੋਟਰਸਾਈਕਲ ’ਤੇ ਲੋਹੀਆਂ ਖਾਸ ਵੱਲੋਂ ਮਲਸੀਆਂ ਵੱਲ ਆ ਰਿਹਾ ਸੀ। ਜਿਉਂ ਹੀ ਉਹ ਇਕ ਨਿੱਜੀ ਸਕੂਲ ਨੇੜੇ ਪੁੱਜਾ ਤਾਂ ਸ਼ਾਹਮਣਿਉਂ ਆ ਰਹੇ ਕੈਂਟਰ ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲੋਹੀਆਂ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ.ਐੱਚ.ਓ. ਲੋਹੀਆਂ ਖਾਸ ਯਾਦਵਿੰਦਰ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਲਾਸ਼ ਵਾਰਸ਼ਾਂ ਦੇ ਹਵਾਲੇ ਕਰ ਦਿੱਤੀ ਗਈ ਹੈ।