ਰਵਿੰਦਰ ਰਵੀ
ਬਰਨਾਲਾ, 5 ਨਵੰਬਰ
ਬਰਨਾਲਾ ਦੇ ਵਪਾਰੀਆਂ ਅਤੇ ਸ਼ੈੱਲਰ ਐਸੋਸੀਏਸ਼ਨ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ’ਤੇ ਪਾਰਟੀ ਦਾ ਹਰ ਆਗੂ ਵਪਾਰੀਆਂ ਨਾਲ ਚਟਾਨ ਵਾਂਗ ਖੜ੍ਹੀ ਹੈ। ਮੀਟਿੰਗ ’ਚ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਕਿਹਾ ਕਿ ਇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਸ਼ੈੱਲਰ ਮਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀਆਂ ਮੰਗਾਂ ਵੀ ਕੇਂਦਰ ਸਰਕਾਰ ਕੋਲ ਉਠਾ ਕੇ ਇਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਆਮ ਲੋਕਾਂ ਦੀਆਂ ਸਮੱਸਿਆ ਦੇ ਹੱਲ ਲਈ ਹੁੰਦੀਆਂ ਹਨ ਪਰ ਬੀਤੇ ਕੱਲ੍ਹ ਮੁੱਖ ਮੰਤਰੀ ਲੋਕਾਂ ਦੀਆ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਸਾਰੇ ਸ਼ਹਿਰ ਨੂੰ ਦੁਖ਼ੀ ਕਰ ਗਏ। ਮੁੱਖ ਮੰਤਰੀ ਦੀ ਸ਼ਹਿਰ ਦੇ ਬਾਜ਼ਾਰ ਵਿੱਚ ਕੱਢੀ ਫ਼ੇਰੀ ਨੇ ਸਾਰੇ ਸ਼ਹਿਰ ਦੇ ਵਪਾਰੀਆਂ ਦਾ ਵਪਾਰ ਪ੍ਰਭਾਵਿਤ ਕਰ ਦਿੱਤਾ। ਸਾਰਾ ਦਿਨ ਸਾਡੇ ਵਪਾਰੀ ਤੇ ਦੁਕਾਨਦਾਰ ਭਰਾ ਕਾਰੋਬਾਰ ਲਈ ਪ੍ਰੇਸ਼ਾਨ ਹੁੰਦੇ ਰਹੇ, ਉਥੇ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਅਤੇ ਘਰਾਂ ਤੱਕ ਜਾਣ ਲਈ ਪ੍ਰੇਸ਼ਾਨ ਹੋਣਾ ਪਿਆ। ਸਰਕਾਰ ਦੇ ਲਾਰਿਆਂ ਤੋਂ ਅੱਕੇ ਲੋਕ ਹੁਣ 20 ਨਵੰਬਰ ਨੂੰ ਵੋਟ ਰਾਹੀ ਸਰਕਾਰ ਨੂੰ ਕਰਾਰਾ ਜਵਾਬ ਦੇਣਗੇ।