ਗੁਰੂਗ੍ਰਾਮ, 6 ਨਵੰਬਰ
ਇੱਥੋਂ ਦੇ ਪ੍ਰਾਈਵੇਟ ਪਲੇਅ ਸਕੂਲ ’ਚ ਤਿੰਨ ਸਾਲਾ ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੁਲੀਸ ਨੇ ਇਸ ਸਬੰਧੀ ’ਚ ਕੇਸ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਗੁਰੂਗ੍ਰਾਮ ਦੇ ਪੁਲੀਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਨੇ ਮਾਮਲੇ ਦੀ ਜਾਂਚ ਲਈ ਐਸਆਈਟੀ (SIT) ਦਾ ਗਠਨ ਕੀਤਾ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਲੇਅ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ।
ਉਧਰ ਪਲੇਅ ਸਕੂਲ ਨੇ ਅਜੇ ਤੱਕ ਇਸ ਮਾਮਲੇ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਕਈ ਕੋਸ਼ਿਸ਼ਾਂ ਦੇ ਬਾਵਜੂਦ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਨਹੀਂ ਹੋ ਸਕਿਆ। ਲੜਕੀ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ 28 ਅਕਤੂਬਰ ਨੂੰ ਇੱਕ ਡਿਲੀਵਰੀ ਮੈਨ ਲੜਕੀ ਦੇ ਘਰ ਆਇਆ ਅਤੇ ਉਸ ਨੇ ਡਿਲੀਵਰੀ ਕਰਵਾਉਣ ਤੋਂ ਬਾਅਦ ਲੜਕੀ ਦੇ ਵਾਲਾਂ ਉਤੇ ਹੱਥ ਫੇਰਿਆ, ਜਿਸ ਤੋਂ ਬਾਅਦ ਬੱਚੀ ਨੇ ਆਪਣੀ ਮਾਂ ਨੂੰ ਪਲੇਅ ਸਕੂਲ ਵਿੱਚ “ਬੈਡ ਟੱਚ” ਵਾਲੀ ਘਟਨਾ ਬਾਰੇ ਦੱਸਿਆ।
ਹਾਲਾਂਕਿ ਲੜਕੀ ਦੋਸ਼ੀ ਦਾ ਨਾਂ ਨਹੀਂ ਦੱਸ ਸਕੀ ਅਤੇ ਨਾ ਹੀ ਉਸ ਨੂੰ ਪਛਾਣ ਸਕੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਉਹ ਇਹ ਵੀ ਨਹੀਂ ਦੱਸ ਸਕੀ ਕਿ ਪਲੇਅ ਸਕੂਲ ਵਿੱਚ ਇਹ ਕਦੋਂ ਅਤੇ ਕਿੱਥੇ ਹੋਇਆ। ਸਦਰ ਪੁਲਸ ਸਟੇਸ਼ਨ ’ਚ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਨੇ ਮਾਮਲੇ ਦੀ ਜਾਂਚ ਲਈ ਇਕ ਐੱਸਆਈਟੀ ਦਾ ਗਠਨ ਕੀਤਾ ਹੈ, ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਮੁਲਜ਼ਮ ਦੀ ਪਛਾਣ ਸਪੱਸ਼ਟ ਨਹੀਂ ਹੋ ਸਕੀ ਹੈ ਅਤੇ ਪੁਲੀਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ