ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਕਾਰਕੁਨਾਂ ਦਾ ਇੱਕ ਵਫ਼ਦ ਅੱਜ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟਰੇਟ ਦਫ਼ਤਰ ਪਹੁੰਚਿਆ ਅਤੇ ਚਿਤਾਵਨੀ ਪੱਤਰ ਦਿੱਤਾ। ਵਫ਼ਦ ਨੇ ਮੰਗ ਕੀਤੀ ਕਿ ਅਨਾਜ ਮੰਡੀਆਂ ’ਚ ਝੋਨੇ ਦੀ ਖਰੀਦ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਤਿਅੰਤ ਢਿੱਲ ਚੱਲ ਰਹੀ ਹੈ। ਉਲਟਾ ਜ਼ਿਲ੍ਹਾ ਫੂਡ ਕੰਟਰੋਲਰ ਵੱਲੋਂ ਬਾਹਰਲੀਆਂ ਮੰਡੀਆਂ ਦਾ ਝੋਨਾ ਲੋਕਲ ਸ਼ੈਲਰਾਂ ’ਚ ਲੁਹਾਉਣ ਦੇ ਚਲਾਨ ਕੱਟੇ ਜਾ ਰਹੇ ਹਨ। ਸ਼ੈਲਰ ਲੋਕਲ ਮੰਡੀਆਂ ਤੋਂ ਝੋਨਾ ਚੁੱਕਣ ਦੇ ਇਵਜ਼ ’ਚ ਟਰੱਕ ਪਿੱਛੇ ਦਸ ਦਸ ਬੋਰੀਆਂ ਦੀ ਕਾਟ ਕੱਟ ਰਹੇ ਹਨ। ਮੰਡੀ ’ਚ ਮਾਰਕੀਟ ਕਮੇਟੀ ਦਾ ਨਾਪ ਯੰਤਰ ਝੋਨੇ ਦੀ ਨਮੀ 17 ਨਾਪਦਾ ਹੈ ਤਾਂ ਸ਼ੈਲਰ ਮਾਲਕ ਦਾ ਨਾਪ ਯੰਤਰ ਕਿਤੇ ਵਧਾ ਕੇ ਦੱਸਦਾ ਹੈ। ਸ਼ੈਲਰ ਮਾਲਕ ਆਪਣੇ ਮੁਨਾਫ਼ੇ ਤੇ ਲੁੱਟ ਲਈ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ੈਲਰ ਮਾਲਕ ਬਾਜ਼ ਨਾ ਆਏ ਤਾਂ ਅਜਿਹੇ ਸ਼ੈਲਰ ਮਾਲਕਾਂ ਦਾ ਘਿਰਾਓ ਕੀਤਾ ਜਾਵੇਗਾ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਫੂਡ ਕੰਟਰੋਲਰ ਨੂੰ ਬਾਹਰਲੀਆਂ ਮੰਡੀਆਂ ਦਾ ਝੋਨਾ ਲੋਕਲ ਸ਼ੈਲਰਾਂ ’ਚ ਲੁਹਾਉਣ ਤੋਂ ਰੋਕਣ ਸਬੰਧੀ ਚਿਤਾਵਨੀ ਦਿੱਤੀ ਗਈ ਹੈ।
ਉਨ੍ਹਾਂ ਮਾਰਕੀਟ ਤੇ ਸੁਸਾਇਟੀਆਂ ’ਚ ਡੀਏਪੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪਰਾਲੀ ਸਮੇਟਣ ਲਈ ਸਰਕਾਰ ਨੇ ਪੂਰੀ ਮਾਤਰਾ ’ਚ ਮਸ਼ੀਨਰੀ ਉਪਲਬਧ ਨਹੀਂ ਕਰਵਾਈ ਤੇ ਨਾ ਹੀ ਮੁਆਵਜ਼ੇ ਦਾ ਕੋਈ ਪ੍ਰਬੰਧ ਕੀਤਾ ਹੈ ਤਾਂ ਫਿਰ ਪਰਾਲੀ ਦੇ ਪਰਚੇ ਦਰਜ ਕਰਨੇ ਬੰਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇ ਕੁਝ ਸੁਧਾਰ ਨਾ ਹੋਇਆ ਤਾਂ ਪਿੰਡਾਂ ’ਚ ਸਰਕਾਰੀ ਟੀਮਾਂ ਅਤੇ ਐੱਸਡੀਐੱਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਨਗਰ ਕੌਂਸਲ ਨੂੰ ਕੂੜਾ ਲਿੰਕ ਸੜਕਾਂ ਦੀਆਂ ਖਤਾਨਾਂ ’ਚ ਸੁੱਟਣ ਤੋਂ ਰੋਕਣ ਦੀ ਮੰਗ
ਇਸ ਮੌਕੇ ਵੱਖਰਾ ਮੰਗ ਪੱਤਰ ਦੇ ਕੇ ਨਗਰ ਕੌਂਸਲ ਵੱਲੋਂ ਕੂੜਾ ਪਿੰਡਾਂ ਦੀਆਂ ਲਿੰਕ ਸੜਕਾਂ ਦੀਆਂ ਖਤਾਨਾਂ ’ਚ ਸੁੱਟਣ ਤੋਂ ਰੋਕਣ ਦੀ ਮੰਗ ਗਈ। ਵਫ਼ਦ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ’ਚ ਇਹ ਮਸਲੇ ਹੱਲ ਨਾ ਹੋਏ ਤਾਂ 12 ਨਵੰਬਰ ਨੂੰ ਜਗਰਾਉਂ ਉਪ ਮੰਡਲ ਮੈਜਿਸਟਰੇਟ ਦਫ਼ਤਰ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ। ਸਾਰੇ ਪਿੰਡਾਂ ਦੇ ਕਿਸਾਨ ਵੀਰਾਂ ਨੂੰ ਪਰਾਲੀ ਦੇ ਪਰਚੇ ਦਰਜ ਕਰਨ ਲਈ ਆਉਣ ਵਾਲੀਆਂ ਸਰਕਾਰੀ ਟੀਮਾਂ ਦਾ ਝੰਡੇ ਲੈ ਕੇ ਘਿਰਾਓ ਕਰਨ ਦੀ ਅਪੀਲ ਕੀਤੀ ਗਈ। ਇਸ ਸਮੇਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਤੇ ਰਛਪਾਲ ਸਿੰਘ ਨਵਾਂ ਡੱਲਾ ਵੀ ਮੌਜੂਦ ਸਨ।