ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 5 ਨਵੰਬਰ
ਸਿਟੀ ਬਿਊਟੀਫੁਲ ਦੇ ਲੋਕਾਂ ਨੇ ਇਸ ਤਿਉਹਾਰੀ ਸੀਜ਼ਨ ਵਿੱਚ ਵਾਹਨਾਂ ਦੀ ਖੂਬ ਖ਼ਰੀਦਦਾਰੀ ਕੀਤੀ ਅਤੇ ਕੇਵਲ ਅਕਤੂਬਰ ਮਹੀਨੇ ਵਿੱਚ 6,496 ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਇਨ੍ਹਾਂ ਵਿੱਚ 2,395 ਕਾਰਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਵਾਹਨ ਰਜਿਸਟ੍ਰੇਸ਼ਨ ਦਾ ਅੰਕੜਾ ਇਸ ਤੋਂ ਅੱਧਾ 3,025 ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਵਾਹਨ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਅਤੇ ਸਟੇਟ ਟਰਾਂਸਪੋਰਟ ਅਥਾਰਟੀ (ਐਸਟੀਏ) ਨੇ ਅਕਤੂਬਰ 2024 ਵਿੱਚ ਸਾਂਝੇ ਤੌਰ ’ਤੇ 40.97 ਕਰੋੜ ਰੁਪਏ ਦੀ ਕਮਾਈ ਕੀਤੀ। ਸਤੰਬਰ ਵਿੱਚ ਇਹ ਆਮਦਨ ਸਿਰਫ਼ 19.68 ਕਰੋੜ ਰੁਪਏ ਸੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਭਾਰੀ ਛੋਟਾਂ ਅਤੇ ਆਕਰਸ਼ਕ ਪੇਸ਼ਕਸ਼ਾਂ ਕਾਰਨ ਲੋਕਾਂ ਨੇ ਉਤਸ਼ਾਹ ਨਾਲ ਵਾਹਨਾਂ ਦੀ ਖ਼ਰੀਦਦਾਰੀ ਕੀਤੀ। ਇਸ ਕਾਰਨ ਕਾਰਾਂ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ। ਅਕਤੂਬਰ ਮਹੀਨੇ ਦੌਰਾਨ ਚੰਡੀਗੜ੍ਹ ’ਚ ਰਜਿਸਟਰਡ ਹੋਏ ਜ਼ਿਆਦਾਤਰ ਵਾਹਨ ਨਾਨ-ਟਰਾਂਸਪੋਰਟ ਸ਼੍ਰੇਣੀ ਵਿੱਚ ਸਨ। ਇਸ ਸਮੇਂ ਦੌਰਾਨ ਕੁੱਲ 2,395 ਕਾਰਾਂ ਅਤੇ 3,723 ਦੋਪਹੀਆ ਵਾਹਨ ਰਜਿਸਟਰਡ ਹੋਏ ਜਦੋਂਕਿ ਟਰਾਂਸਪੋਰਟ ਸ਼੍ਰੇਣੀ ਵਿੱਚ ਸਿਰਫ਼ 356 ਵਾਹਨ ਹੀ ਰਜਿਸਟਰਡ ਹੋਏ।
ਚੰਡੀਗੜ੍ਹ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ਅਤੇ ਰਜਿਸਟ੍ਰੇਸ਼ਨ ਦੇ ਅੰਕੜੇ ਪਿਛਲੇ ਸਾਲਾਂ ਨਾਲੋਂ ਵਧੀਆ ਰਹੇ, ਜਿਸ ਨਾਲ ਪ੍ਰਸ਼ਾਸਨ ਦੇ ਖ਼ਜ਼ਾਨੇ ਵਿੱਚ ਵੀ ਵਾਧਾ ਹੋਇਆ ਹੈ।