ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਨਵੰਬਰ
ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਸੈਰ ਸਪਾਟਾ ਉਦਯੋਗ ਦੇ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ ਨਵੀਂ ਮਾਰਕੀਟਿੰਗ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਅੱਜ ਸਿਟਕੋ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਸਿਟਕੋ ਦੇ ਚੇਅਰਮੈਨ ਅਜੈ ਚਗਤੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਬੋਰਡ ਮੈਂਬਰਾਂ ਨੇ ਹੋਟਲਾਂ ਵਿੱਚ ਕਮਰਿਆਂ ਨੂੰ ਘੱਟ ਦਰਾਂ ਵਿੱਚ ਚੜ੍ਹਾਉਣ ਨਾਲ ਮੁਨਾਫ਼ੇ ਵਿੱਚ ਆਈ ਗਿਰਾਵਟ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਕੇਰਲ ਦੀ ਸੈਰ ਸਪਾਟਾ ਨੀਤੀਆਂ ਦਾ ਅਧਿਐਨ ਕਰ ਕੇ ਆਏ ਸਿਟਕੋ ਦੇ ਅਧਿਕਾਰੀਆਂ ਨੇ ਆਪਣੀ ਰਿਪੋਰਟਾਂ ਬੋਰਡ ਸਾਹਮਣੇ ਪੇਸ਼ ਕੀਤੀਆਂ। ਇਸ ਦੌਰਾਨ ਬੋਰਡ ਦੇ ਮੈਂਬਰਾਂ ਨੇ ਪ੍ਰਾਈਵੇਟ ਵਪਾਰੀਆਂ ਖ਼ਿਲਾਫ਼ ਸਿਟਕੋ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੀਂ ਤੇ ਮਜ਼ਬੂਤ ਮਾਰਕੀਟਿੰਗ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਵਿੱਚ ਸਿਟਕੋ ਦੇ ਹੋਟਲਾਂ ਵਿੱਚ ਮਹਿਮਾਨਾਂ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ ਦੀ ਸਮੀਖਿਆ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਗੈਸਟ ਰੇਟਿੰਗਾਂ ਲੈਣ ਦਾ ਫ਼ੈਸਲਾ ਕੀਤਾ।