ਮੈਸੂਰੂ, 6 ਨਵੰਬਰ
ਲੋਕਆਯੁਕਤ ਪੁਲੀਸ ਨੇ ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ਪਲਾਟ ਅਲਾਟ ਮਾਮਲੇ ਵਿੱਚ ਅੱਜ ਮੈਸੂਰੂ ਵਿੱਚ ਮੁੱਖ ਮੰਤਰੀ ਸਿੱਧਾਰਮੱਈਆ ਤੋਂ ਦੋ ਘੰਟੇ ਪੁੱਛ-ਪੜਤਾਲ ਕੀਤੀ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਸਿੱਧਾਰਮੱਈਆ ਪੁੱਛ-ਪੜਤਾਲ ਲਈ ਜਾਰੀ ਸੰਮਨ ਤਹਿਤ ਇੱਥੇ ਲੋਕਆਯੁਕਤ ਪੁਲੀਸ ਸਾਹਮਣੇ ਪੇਸ਼ ਹੋਏ ਅਤੇ ਲੋਕਆਯੁਕਤ ਦੇ ਐੱਸਪੀ ਟੀਜੇ ਉਦੇਸ਼ ਦੀ ਅਗਵਾਈ ਵਿੱਚ ਇੱਕ ਟੀਮ ਦੇ ਸਵਾਲਾਂ ਦੇ ਜਵਾਬ ਦਿੱਤੇ। ਲੋਕਆਯੁਕਤ ਅਧਿਕਾਰੀ ਨੇ ਕਿਹਾ, ‘ਪੁੱਛ-ਪੜਤਾਲ ਕਰੀਬ ਦੋ ਘੰਟੇ ਤੱਕ ਚੱਲੀ।’’ ਇਸ ਦੌਰਾਨ ਮੁੱਖ ਮੰਤਰੀ ਸਿੱਧਾਰਮੱਈਆ ਨੇ ਕਿਹਾ ਕਿ ਉਨ੍ਹਾਂ ਨੇ ਲੋਕਆਯੁਕਤ ਪੁਲੀਸ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ ਅਤੇ ਉਨ੍ਹਾਂ ਨੂੰ ਸੱਚਾਈ ਦੱਸ ਦਿੱਤੀ ਹੈ। ਉਧਰ, ਭਾਜਪਾ ਨੇ ਰੋਸ ਪ੍ਰਦਰਸ਼ਨ ਕਰਦਿਆਂ ਲੋਕਆਯੁਕਤ ਪੁਲੀਸ ਵੱਲੋਂ ਕੀਤੀ ਇਸ ਪੁੱਛ-ਪੜਤਾਲ ਨੂੰ ‘ਮੈਚ ਫਿਕਸਿੰਗ’ ਕਰਾਰ ਦਿੱਤਾ ਹੈ। -ਪੀਟੀਆਈ