ਨਵੀਂ ਦਿੱਲੀ:
ਨੀਟ-ਯੂਜੀ 2024 ਪ੍ਰੀਖਿਆ ਨਵੇਂ ਸਿਰੇ ਤੋਂ ਕਰਾਉਣ ਦੀ ਇਜਾਜ਼ਤ ਸਬੰਧੀ ਅਰਜ਼ੀ ਰੱਦ ਕਰਨ ਦੇ ਫ਼ੈਸਲੇ ’ਤੇ ਨਜ਼ਰਸਾਨੀ ਦੀ ਮੰਗ ਕਰਨ ਵਾਲੀ ਪਟੀਸ਼ਨ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਕਾਜਲ ਕੁਮਾਰੀ ਵੱਲੋਂ ਦਾਖ਼ਲ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਫ਼ੈਸਲੇ ’ਚ ਕੋਈ ਖਾਮੀ ਨਹੀਂ ਸੀ। ਸਿਖਰਲੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਖੁੱਲ੍ਹੀ ਅਦਾਲਤ ’ਚ ਕਰਨ ਦੀ ਮੰਗ ਨੂੰ ਵੀ ਨਕਾਰ ਦਿੱਤਾ। ਸੁਪਰੀਮ ਕੋਰਟ ਨੇ 2 ਅਗਸਤ ਨੂੰ ਕਿਹਾ ਸੀ ਕਿ ਨੀਟ-ਯੂਜੀ ਨਵੇਂ ਸਿਰੇ ਤੋਂ ਕਰਾਉਣ ਦੇ ਉਹ ਹੁਕਮ ਨਹੀਂ ਦੇ ਸਕਦਾ ਹੈ ਕਿਉਂਕਿ ਪੇਪਰ ਲੀਕ ਜਾਂ ਹੋਰ ਕਿਸੇ ਤਰ੍ਹਾਂ ਦੀ ਖਾਮੀ ਵੱਡੇ ਪੱਧਰ ’ਤੇ ਨਹੀਂ ਮਿਲੀ ਹੈ। -ਪੀਟੀਆਈ