ਮੁੰਬਈ, 6 ਨਵੰਬਰ
ਮੁੰਬਈ ਪੁਲੀਸ ਨੇ ਐੱਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ਸਬੰਧੀ ਅੱਜ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਸ਼ਾਖਾ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਸ ਮਾਮਲੇ ’ਚ ਇਹ 16ਵੀਂ ਗ੍ਰਿਫ਼ਤਾਰੀ ਹੈ। ਇਸੇ ਦੌਰਾਨ ਮੁੰਬਈ ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਬਾਬਾ ਸਿੱਦੀਕੀ ਕਤਲ ਕੇਸ ਦੇ ਮੁੱਖ ਗਵਾਹਾਂ ਵਿੱਚੋਂ ਇਕ ਨੂੰ ਅਣਪਛਾਤੇ ਫੋਨ ਕਾਲਰ ਨੇ ਧਮਕੀ ਦਿੰਦਿਆਂ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਹੈ। ਪੁਲੀਸ ਅਨੁਸਾਰ ਚਸ਼ਮਦੀਦ ਨੂੰ ਪੰਜ ਕਰੋੜ ਰੁਪਏ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮੁੰਬਈ ਦੇ ਖਾਰ ਥਾਣੇ ਵਿੱਚ ਅਣਪਛਾਤੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਬਾਬਾ ਸਿੱਦੀਕੀ (66) ਦੀ 12 ਅਕਤੂਬਰ ਨੂੰ ਤਿੰਨ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ/ਏਐੱਨਆਈ