ਮੁੰਬਈ:
ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਰਕੇ ਅਕਤੂਬਰ ਮਹੀਨੇ ਘਰ ਵਿਚ ਬਣੇ ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ ਨਾਲ ਸਜੀ ਥਾਲੀ ਮਹਿੰਗੀ ਹੋ ਗਈ ਹੈ। ਰੇਟਿੰਗ ਏਜੰਸੀ ਕ੍ਰਾਈਸਿਲ ਦੀ ਡਿਵੀਜ਼ਨ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਸ਼ਾਕਾਹਾਰੀ ਥਾਲੀ ਦੀ ਕੀਮਤ 20 ਫੀਸਦ ਵਧ ਕੇ 33.3 ਰੁਪਏ ਪ੍ਰਤੀ ਪਲੇਟ ਨੂੰ ਪਹੁੰਚ ਗਈ ਹੈ ਜਦੋਂਕਿ ਸਤੰਬਰ ਮਹੀਨੇ ਇਹੀ ਥਾਲੀ 31.3 ਰੁਪਏ ਵਿਚ ਪੈਂਦੀ ਸੀ। ਘਰ ਦੀ ਬਣੀ ਮਾਸਾਹਾਰੀ ਥਾਲੀ 61.6 ਰੁਪਏ ਵਿਚ ਪੈ ਰਹੀ ਹੈ। ਹਾਲਾਂਕਿ ਸਤੰਬਰ ਮਹੀਨੇ ਇਸ ਦੀ ਕੀਮਤ 59.3 ਰੁਪਏ ਸੀ। ਮਾਸਿਕ ਰਿਪੋਰਟ ਮੁਤਾਬਕ ਅਕਤੂਬਰ ਮਹੀਨੇ ਪਿਆਜ਼ ਦੀਆਂ ਕੀਮਤਾਂ 46 ਫੀਸਦ ਚੜ੍ਹੀਆਂ ਹਨ ਜਦੋਂਕਿ ਲਗਾਤਾਰ ਪੈ ਰਹੇ ਮੀਂਹ ਕਰਕੇ ਆਲੂ ਦੀਆਂ ਕੀਮਤਾਂ 51 ਫੀਸਦ ਤੱਕ ਵਧ ਗਈਆਂ ਹਨ। ਸਾਲ ਪਹਿਲਾਂ ਜਿਹੜੇ ਟਮਾਟਰ 29 ਰੁਪਏ ਕਿਲੋ ਸਨ, ਉਹ ਦੁੱਗਣੇ ਤੋਂ ਵੀ ਵਧ ਭਾਅ 64 ਰੁਪਏ ਕਿਲੋ ਨੂੰ ਵਿਕ ਰਹੇ ਹਨ। ਇਸੇ ਤਰ੍ਹਾਂ ਦਾਲਾਂ ਦੀਆਂ ਕੀਮਤਾਂ ਵਿਚ 11 ਫੀਸਦ ਦਾ ਉਛਾਲ ਆਇਆ ਹੈ। -ਪੀਟੀਆਈ