ਦੁਬਈ, 6 ਨਵੰਬਰ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੁਬਈ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਕੇਂਦਰੀ ਮੰਤਰੀ ਨੇ ਆਪਣੇ ਇਸ ਦੌਰੇ ਦੇ ਵੇਰਵੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੇ ਕਰਦਿਆਂ ਕਿਹਾ ਕਿ ਆਪਣੇ ਦੌਰੇ ਦੌਰਾਨ ਉਨ੍ਹਾਂ ਦੁਬਈ ਵਿੱਚ ਸਿੱਖ ਸੰਗਤ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਗੁਰਦੁਆਰਾ ਗੁਰੂ ਨਾਨਕ ਦਰਬਾਰ 2012 ਵਿੱਚ ਉਸਾਰਿਆ ਗਿਆ ਸੀ ਅਤੇ ਇਹ ਰਵਾਇਤੀ ਤੇ ਆਧੁਨਿਕ ਭਵਨ ਨਿਰਮਾਣ ਕਲਾ ਦੀਆਂ ਸ਼ੈਲੀਆਂ ਤੋਂ ਪ੍ਰੇਰਿਤ ਹੈ। ਇਹ ਖਾੜੀ ਖੇਤਰ ਵਿੱਚ ਪਹਿਲਾ ਅਤੇ ਸਭ ਤੋਂ ਵੱਡਾ ਗੁਰਦੁਆਰਾ ਹੈ।
ਉਨ੍ਹਾਂ ਪੋਸਟ ਵਿੱਚ ਕਿਹਾ, ‘‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਅੱਜ ਦੁਬਈ ਵਿੱਚ ਸਿੱਖ ਸੰਗਤ ਦੇ ਮੈਂਬਰਾਂ ਨਾਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਮੱਥਾ ਟੇਕਿਆ। ਆਧੁਨਿਕ ਤੇ ਰਵਾਇਤੀ ਭਵਨ ਨਿਰਮਾਣ ਕਲਾ ਸ਼ੈਲੀਆਂ ਦਾ ਸੁਮੇਲ ਗੁਰਦੁਆਰਾ ਸਾਹਿਬ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੀ ਸੱਚੀ ਮਿਸਾਲ ਹੈ। ਇਹ ਜਾਤ ਜਾਂ ਧਰਮ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਸਬਰ, ਸੰਤੋਖ, ਭਾਈਚਾਰਕ ਸਾਂਝ ਤੇ ਆਸਾ ਦਾ ਸੰਦੇਸ਼ ਦਿੰਦੀ ਹੈ।’’
ਕੇਂਦਰੀ ਮੰਤਰੀ ਨੇ ਅਬੂ ਧਾਬੀ ਵਿੱਚ ਬੀਏਪੀਐੱਸ ਮੰਦਰ ਦੇ ਵੀ ਦਰਸ਼ਨ ਕੀਤੇ ਅਤੇ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸੋਮਵਾਰ ਨੂੰ ਤੇਲ ਉਦਪਾਦਕ ਦੇਸ਼ਾਂ ਦੇ ਸੰਗਠਨ ‘ਓਪੇਕ’ ਦੇ ਜਨਰਲ ਸਕੱਤਰ ਹੈਥਮ ਅਲ-ਘਈਸ ਨਾਲ ਮੁਲਾਕਾਤ ਕੀਤੀ। ਅਬੂਧਾਬੀ ਵਿੱਚ ਕਾਨਫਰੰਸ ਦੌਰਾਨ ਉਨ੍ਹਾਂ ਭਾਰਤ ਦੇ ‘ਓਪੇਕ’ ਨਾਲ ਸਬੰਧਾਂ ਬਾਰੇ ਚਾਨਣਾ ਪਾਇਆ। -ਏਐੱਨਆਈ