ਨਵੀਂ ਦਿੱਲੀ:
ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐੱਸਈ) ਨੇ ਡੰਮੀ ਸਕੂਲਾਂ ਖਿਲਾਫ਼ ਕਾਰਵਾਈ ਕਰਦਿਆਂ ਅੱਜ 21 ਸਕੂਲਾਂ ਤੋਂ ਮਾਨਤਾ ਵਾਪਸ ਲੈ ਲਈ ਅਤੇ ਛੇ ਸਕੂਲਾਂ ਦਾ ਸੀਨੀਅਰ ਸੈਕੰਡਰੀ ਦਾ ਦਰਜਾ ਘਟਾ ਕੇ ਸੈਕੰਡਰੀ ਕਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਦਮ ਸਤੰਬਰ ਮਹੀਨੇ ਰਾਜਸਥਾਨ ਤੇ ਦਿੱਲੀ ’ਚ ਕਈ ਸਕੂਲਾਂ ਦੇ ਨਿਰੀਖਣ ਜਿਸ ਦੌਰਾਨ ਕਈ ਖਾਮੀਆਂ ਮਿਲੀਆਂ ਸਨ, ਮਗਰੋਂ ਚੁੱਕਿਆ ਗਿਆ ਹੈ। ਸੀਬੀਐੱਸਈ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ, ‘‘ਡੰਮੀ ਜਾਂ ਬਿਨਾਂ ਹਾਜ਼ਰੀ ਤੋਂ ਦਾਖਲਿਆਂ ਦੀ ਪ੍ਰਥਾ ਸਕੂਲੀ ਸਿੱਖਿਆ ਦੇ ਮੂਲ ਉਦੇਸ਼ ਦੇ ਉਲਟ ਹੈ ਅਤੇ ਇਸ ਨਾਲ ਵਿਦਿਆਰਥੀਆਂ ਬੁਨਿਆਦੀ ਵਿਕਾਸ ’ਤੇ ਉਲਟਾ ਅਸਰ ਪੈਂਦਾ ਹੈ। ਇਸ ਮੁੱਦੇ ਹੱਲ ਵਾਸਤੇ ਅਸੀਂ ਡੰਮੀ ਸਕੂਲਾਂ ਦੇ ਪਸਾਰ ਨੂੰ ਰੋਕਣ ਲਈ ਫ਼ੈਸਲਾਕੁਨ ਕਦਮ ਚੁੱਕ ਰਹੇ ਹਾਂ ਕਿ ਉਹ ਡੰਮੀ ਜਾਂ ਬਿਨਾਂ ਹਾਜ਼ਰੀ ਦਾਖਲੇ ਦੇਣ ਦੇ ਲਾਲਚ ਦਾ ਵਿਰੋਧ ਕਰਨ।’’ ਉਨ੍ਹਾਂ ਮੁਤਾਬਕ ਨਿਰੀਖਣ ਦੌਰਾਨ ਮਿਲੀਆਂ ਕਈ ਬੇਨੇਮੀਆਂ ਦੇ ਸਬੰਧ ’ਚ ਨਿਰੀਖਣ ਕਮੇਟੀਆਂ ਦੀਆਂ ਅਹਿਮ ਟਿੱਪਣੀਆਂ ਰਿਪੋਰਟ ਵਜੋਂ ਸਬੰਧਤ ਸਕੂਲਾਂ ਨੂੰ ਭੇਜੀਆਂ ਗਈਆਂ। -ਪੀਟੀਆਈ