ਪੱਤਰ ਪ੍ਰੇਰਕ
ਲਹਿਰਾਗਾਗਾ, 6 ਨਵੰਬਰ
ਇੱਥੇ ਅੱਜ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿੱਚ ਕਿਸਾਨਾਂ ਨੇ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨ ਆਏ ਅਧਿਕਾਰੀਆਂ ਦਾ ਘਿਰਾਓ ਕੀਤਾ। ਇਨ੍ਹਾਂ ਅਧਿਕਾਰੀਆਂ ਵਿੱਚ ਕਲੱਸਟਰ ਅਤੇ ਦੋ ਨੋਡਲ ਅਫਸਰ ਸ਼ਾਮਲ ਹਨ। ਇਨ੍ਹਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਕੱਠੇ ਹੋਏ ਕਿਸਾਨਾਂ ਨੇ ਅਧਿਕਾਰੀਆਂ ਦਾ ਪਿੰਡ ਦੇ ਪਾਰਕ ਵਿੱਚ ਘਿਰਾਓ ਕੀਤਾ। ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦੇਣ ਮਗਰੋਂ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ ਅਤੇ ਕਿਸਾਨ ਬੇਅੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਵਾਹਨਾਂ ਵਿੱਚ ਜਾ ਕੇ ਪਰਾਲੀ ਨੂੰ ਅੱਗ ਲੱਗੇ ਖੇਤਾਂ ਦੀ ਲਿਖਤ ਪੜ੍ਹਤ ਕੀਤੀ ਗਈ, ਜਿਸ ਕਾਰਨ ਇਨ੍ਹਾਂ ਦਾ ਘਿਰਾਓ ਕੀਤਾ ਗਿਆ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣਾ ਉਨ੍ਹਾਂ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਕਿਸਾਨ ’ਤੇ ਕੋਈ ਪਰਚਾ ਨਹੀਂ ਕੀਤਾ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨਾਂ ਨੇ ਪਾਰਕ ਵਿੱਚ ਘੇਰ ਲਿਆ ਸੀ ਪਰ ਕਾਰਵਾਈ ਨਾ ਕਰਨ ਦਾ ਭਰੋਸਾ ਦੇਣ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ। ਇਸ ਮੌਕੇ ਮੱਖਣ ਸਿੰਘ ਪਾਪੜਾ ਬਲਾਕ ਪ੍ਰਧਾਨ, ਬੱਬੂ ਸਿੰਘ ਮੂਨਕ ਸਕੱਤਰ, ਭੀਮ ਸਿੰਘ ਖਜ਼ਾਨਚੀ, ਸੁਖਦੇਵ ਸਿੰਘ ਬਲਾਕ ਆਗੂ, ਪਿਆਰਾ ਸਿੰਘ ਚੱਠਾ, ਅਮਰਜੀਤ ਸਿੰਘ ਮਾਵੀ, ਲੱਖਾ ਸਿੰਘ ਹੀਰ ਤੇ ਜਸਵੀਰ ਸਿੰਘ ਖੱਟੜਾ ਹਾਜ਼ਰ ਸਨ।