ਪੱਤਰ ਪ੍ਰੇਰਕ
ਰਤੀਆ, 6 ਨਵੰਬਰ
ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਨੇ ਆਪਣੇ ਦਫਤਰ ਵਿੱਚ ਝੋਨੇ ਦੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਝੋਨੇ ਦੇ ਖਰੀਦ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਕਿ ਹੁਣ ਤੱਕ ਮੰਡੀ ਵਿੱਚ ਕਿੰਨਾ ਝੋਨਾ ਆਇਆ ਹੈ ਅਤੇ ਕਿੰਨੀ ਲਿਫਟਿੰਗ ਹੋਈ ਹੈ। ਐੱਸਡੀਐੱਮ ਜਗਦੀਸ਼ ਚੰਦਰ ਨੇ ਸਬੰਧਤ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਮੰਡੀ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਖਰੀਦ ਏਜੰਸੀਆਂ ਨੂੰ ਫਸਲ ਦੀ ਤੁਰੰਤ ਖਰੀਦ ਕਰਕੇ ਕਿਸਾਨਾਂ ਨੂੰ ਅਦਾਇਗੀ ਕਰਨ ਦੇ ਵੀ ਹੁਕਮ ਦਿੱਤੇ। ਐੱਸਡੀਐੱਮ ਨੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮੰਡੀ ਵਿੱਚ ਗੇਟ ਪਾਸ ਸਬੰਧੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਗੇਟ ਪਾਸ ਕੱਟਣ ਤੋਂ ਬਾਅਦ ਜੋ ਝੋਨਾ ਮੰਡੀ ਵਿੱਚ ਆਉਂਦਾ ਹੈ, ਉਸ ਨੂੰ ਰਜਿਸਟਰ ਵਿੱਚ ਦਰਜ ਕੀਤਾ ਜਾਵੇ ਅਤੇ ਫਿਰ ਉਸ ਝੋਨੇ ਦੀ ਬੋਲੀ ਲਗਾਈ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਖਰੀਦੀ ਗਈ ਫਸਲ ਸਮੇਂ ਸਿਰ ਚੁਕਾਈ ਜਾਵੇ ਅਤੇ ਅਦਾਇਗੀ ਵੀ ਨਿਰਧਾਰਤ ਸਮੇਂ ਅੰਦਰ ਕੀਤੀ ਜਾਵੇ। ਇਸ ਕੰਮ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਜਾਣੀ ਚਾਹੀਦੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ। ਸਾੜਨ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ ਅਤੇ ਮਿੱਟੀ ਵਿਚਲੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਮੀਟਿੰਗ ਵਿੱਚ ਹੈਫੇਡ ਦੀ ਮੈਨੇਜਰ ਅਨੀਤਾ ਰਾਠੀ, ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਕੁੰਡੂ, ਵੇਅਰ ਹਾਊਸ ਮੈਨੇਜਰ ਸੋਮਬੀਰ, ਏਐਫਐਸਓ ਨਿਰਮਲ ਕਾਂਤਾ ਤੇ ਹੋਰ ਹਾਜ਼ਰ ਸਨ।