ਪੱਤਰ ਪ੍ਰੇਰਕ
ਨਰਾਇਣਗੜ੍ਹ, 6 ਨਵੰਬਰ
ਗੁਰਦੁਆਰਾ ਸ੍ਰੀ ਸਿੰਘ ਸਭਾ ਨਰਾਇਣਗੜ੍ਹ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਗੁਰਦੁਆਰੇ ਦੇ ਹਜ਼ੂਰੀ ਰਾਗੀ ਮਲਕੀਤ ਸਿੰਘ ਅਤੇ ਰਣਜੀਤ ਸਿੰਘ ਨੇ ਕਥਾ-ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤ ਵੱਲੋਂ ਥਾਂ-ਥਾਂ ’ਤੇ ਲੰਗਰ ਲਾਏ ਗਏ ਸਨ। ਸਕੱਤਰ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪ੍ਰਭਾਤ ਫੇਰੀਆਂ ਦੀ ਲੜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਜਾਰੀ ਰਹੇਗੀ।
ਇਸ ਮੌਕੇ ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਮਹਿੰਦਰ ਸਿੰਘ, ਸੁਖਵੰਤ ਸਿੰਘ, ਡਾ. ਗੁਰਚਰਨ ਸਿੰਘ, ਮਨੋਹਰ ਲਾਲ ਚੰਨਾ, ਜਸਬੀਰ ਖੁਰਾਣਾ, ਜਗਜੀਤ ਸਿੰਘ, ਮਨਮੋਹਨ ਭਾਟੀਆ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਭਾਟੀਆ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੀ 13ਵੀਂ ਪ੍ਰਭਾਤ ਫੇਰੀ ਗੁਰਦੁਆਰਾ ਨਾਨਕ ਦਰਬਾਰ ਤੋਂ ਸ਼ਬਦ ਬਾਣੀ ਦਾ ਗੁਣਗਾਣ ਕਰਦੀ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿੱਚ ਗੁਰਬਾਜ ਸਿੰਘ ਦੇ ਘਰ ਪੁੱਜੀ। ਇਸ ਮੌਕੇ ਗੁਰਦੁਆਰੇ ਦੇ ਹਜ਼ੂਰੀ ਰਾਗੀ ਭਾਈ ਪਵਨਦੀਪ ਸਿੰਘ ਦੇ ਰਾਗੀ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ। ਨੌਜਵਾਨ ਸੇਵਕ ਸਭਾ ਦੇ ਸ਼ਬਦੀ ਜਥੇ ਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸ਼ਬਦ ਬਾਣੀ ਨਾਲ ਸੰਗਤਾਂ ਨੂੰ ਜੋੜਿਆ। ਪੰਥ ਵਿਦਵਾਨ ਗਿਆਨੀ ਸਾਹਿਬ ਸਿੰਘ ਨੇ ਦੱਸਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਦਾ 316ਵਾਂ ਜੋਤੀ ਜੋਤਿ ਪੁਰਬ ਹੈ। ਇਸ ਤੋਂ ਇਲਾਵਾ ਉਨ੍ਹਾਂ ਗੁਰੂ ਨਾਨਕ ਦੇਖ ਜੀ ਦੇ ਜੀਵਨ ’ਤੇ ਰੋਸ਼ਨੀ ਪਾਈ। ਪਰਿਵਾਰ ਵਲੋਂ ਸੰਗਤ ਦੁੱਧ ਅਤੇ ਬਰੈੱਡ ਪਕੌੜਿਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਪੰਜਾਬੀ ਸ਼ਾਇਰ ਕੁਲਵੰਤ ਸਿੰਘ ਰਫੀਕ ਨੇ ਕਵਿਤਾ ਰਾਹੀਂ ਰੱਬੀ ਬਾਣੀ ਦਾ ਗੁਨਗਾਨ ਕੀਤਾ। ਮੰਚ ਦਾ ਸੰਚਾਲਨ ਨਰਿੰਦਰ ਸਿੰਘ ਭਿੰਡਰ ਨੇ ਬਾਣੀ ਦੀਆਂ ਤੁਕਾਂ ਨਾਲ ਵਿਆਖਿਆ ਕਰਦਿਆਂ ਕੀਤਾ। ਇਸ ਮੌਕੇ ਭਗਵੰਤ ਸਿੰਘ ਖਾਲਸਾ, ਨਰਿੰਦਰਪਾਲ ਸਿੰਘ ਸਲੈਚ, ਕਸ਼ਮੀਰ ਸਿੰਘ, ਮਹਿੰਦਰਜੀਤ ਸਿੰਘ ਅਕਾਲੀ, ਇੰਦਰਜੀਤ ਸਿੰਘ, ਮਲਕਿੰਦਰ ਸਿੰਘ, ਸੁਖਚੈਨ ਸਿੰਘ, ਜਗਜੀਤ ਸਿੰਘ ਮੌਜੂਦ ਸਨ।