ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਨਵੰਬਰ
ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ ਨੇ ਕਿਹਾ ਹੈ ਕਿ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਪਰ ਸਰਕਾਰ ਇਸ ਦੀ ਰੋਕਥਾਮ ਲਈ ਕਦਮ ਚੁੱਕਣ ਦੀ ਥਾਂ ਅੰਕੜਿਆਂ ਨੂੰ ਛੁਪਾ ਰਹੀ ਹੈ। ਅਰੋੜਾ ਆਪਣੇ ਦਫਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦੇ ਹਸਪਤਾਲ ਡੇਂਗੂ ਦੇ ਮਰੀਜ਼ਾਂ ਨਾਲ ਭਰੇ ਪਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਡੇਂਗੂ ਨੂੰ ਰੋਕਣ ਦੀ ਥਾਂ ਸਹੀ ਤੱਥ ਛੁਪਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਸ਼ ਨਗਰ ਤੇ ਚਕਰਵਰਤੀ ਮੁਹੱਲੇ ਵਿੱਚ ਡੇਂਗੂ ਕਾਰਨ ਇਕ-ਇਕ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਈ ਦਿਸ਼ਾ ਦੀਆਂ ਮੀਟਿਗਾਂ ਵਿੱਚ ਇਹ ਮੁੱਦਾ ਚੁੱਕਿਆ ਸੀ ਤੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਡੇਂਗੂ ਦੀ ਰੋਕਥਾਮ ਲਈ ਫੌਗਿੰਗ ਕਰਾਈ ਜਾਏਗੀ ਪਰ ਅੱਜ ਤਕ ਕਿਧਰੇ ਵੀ ਫੌਗਿੰਗ ਹੁੰਦੀ ਨਜ਼ਰ ਨਹੀਂ ਆਈ। ਅਰੋੜਾ ਨੇ ਕਿਹਾ ਕਿ ਕਣਕ ਦੀ ਬਿਜਾਈ ਦਾ ਸੀਜ਼ਨ ਜੋਰਾਂ ’ਤੇ ਹੈ ਪਰ ਡੀਏਪੀ ਖਾਦ ਮਿਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਕਿਸਾਨ ਖਾਦ ਨਾ ਮਿਲਣ ਕਰਕੇ ਪ੍ਰੇਸ਼ਾਨ ਹੈ। ਅਰੋੜਾ ਨੇ ਸਾਬਕਾ ਵਿਧਾਇਕ ਸੁਭਾਸ਼ ਸੁਧਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਸਿੱਖਿਆ ਦਾ ਕੇਂਦਰ ਹੈ ਤੇ ਇਥੇ ਰਾਜਨੀਤੀ ਦੀ ਪ੍ਰਵਾਹ ਕੀਤੇ ਬਿਨਾਂ ਵਿਦਿਆਰਥੀ ਪੜ੍ਹਦੇ ਹਨ। ਪਰ ਇਥੋਂ ਦੇ ਕੁਲਪਤੀ ਆਪਣੇ ‘ਆਪ’ ਨੂੰ ਭਾਜਪਾ ਦਾ ਵਰਕਰ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਦਾ ਸਮਰਥਨ ਕਰਨ ਵਾਲੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜੋ ਬਹੁਤ ਹੀ ਸ਼ਰਮਨਾਕ ਹੈ।