ਪੱਤਰ ਪ੍ਰੇਰਕ
ਚੰਡੀਗੜ੍ਹ, 6 ਨਵੰਬਰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਗ਼ਦਰੀ ਬਾਬਿਆਂ ਦੇ ਮੇਲੇ ਕਰ ਕੇ ਝੰਡਾ ਮਾਰਚ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਇਸੇ ਸਬੰਧ ਵਿੱਚ ਫਰੰਟ ਦੇ ਆਗੂਆਂ ਦੀ ਇੱਕ ਮੀਟਿੰਗ ਸੁਰਿੰਦਰ ਰਾਮ ਕੁੱਸਾ ਦੀ ਪ੍ਰਧਾਨਗੀ ਹੇਠ ਹੋਈ।
ਫਰੰਟ ਦੇ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਸਵਿੰਦਰ ਪਾਲ ਸਿੰਘ ਮੋਲੋਵਲੀ, ਕਰਮ ਸਿੰਘ ਧਨੋਆ, ਗਗਨਦੀਪ ਸਿੰਘ ਭੁੱਲਰ, ਬਾਜ ਸਿੰਘ ਖਹਿਰਾ, ਜਸਵੀਰ ਸਿੰਘ ਤਲਵਾੜਾ, ਬੋਬਿੰਦਰ ਸਿੰਘ, ਕਰਮਜੀਤ ਸਿੰਘ ਬੀਹਲਾ ਅਤੇ ਦਿਗਵਿਜੇ ਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਸਬੰਧੀ ਝੰਡਾ ਮਾਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 7 ਤੋਂ 9 ਨਵੰਬਰ ਤੱਕ ਮੇਲਾ ਗ਼ਦਰੀ ਬਾਬਿਆਂ ਦਾ ਹੋਣ ਕਰ ਕੇ ਤੇ ਪੰਜਾਬ ਅੰਦਰ ਚਾਰ ਵਿਧਾਨ ਸਭਾ ਹਲਕਿਆਂ ਅੰਦਰ ਜ਼ਿਮਨੀ ਚੋਣਾਂ ਦੀ ਤਾਰੀਕ ਅੱਗੇ ਜਾਣ ਕਰ ਕੇ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਅੰਦਰ ਕੀਤੇ ਜਾਣ ਵਾਲੇ ਝੰਡਾ ਮਾਰਚ ਦੀਆਂ ਤਰੀਕਾਂ ਵਿੱਚ ਤਬਦੀਲੀ ਕੀਤੀ ਗਈ ਹੈ। 7 ਨਵੰਬਰ ਨੂੰ ਹਲਕਾ ਗਿੱਦੜਬਾਹਾ ਵਿੱਚ ਹੋਣ ਵਾਲਾ ਝੰਡਾ ਮਾਰਚ ਹੁਣ 17 ਨਵੰਬਰ ਨੂੰ ਹੋਵੇਗਾ, 9 ਨਵੰਬਰ ਨੂੰ ਹਲਕਾ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲਾ ਝੰਡਾ ਮਾਰਚ ਵੀ 17 ਨਵੰਬਰ ਨੂੰ ਹੋਵੇਗਾ।