ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਨਵੰਬਰ
ਇੱਥੋਂ ਦੇ ਈਡਬਲਿਊਐੱਸ ਕਲੋਨੀ ਵਿੱਚ ਲੰਘੀ ਰਾਤ ਲਕਸ਼ਮੀ ਨਾਮ ਦੀ ਮੁਟਿਆਰ ਦੀ ਭੇਤ-ਭਰੀ ਹਾਲਤ ਵਿੱਚ ਹੋਈ ਮੌਤ, ਖ਼ੁਦਕੁਸ਼ੀ ਨਹੀਂ ਹੱਤਿਆ ਨਿਕਲੀ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਤੇ ਥਾਣਾ ਸਾਰੰਗਪੁਰ ਦੀ ਪੁਲੀਸ ਨੇ ਸਾਂਝੇ ਤੌਰ ’ਤੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਕਤਲ ਉਸ ਦੇ ਭਰਾ ਵਿਸ਼ਾਲ ਵੱਲੋਂ ਕੀਤਾ ਗਿਆ ਹੈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਤਲ ਮੁਲਜ਼ਮ ਨੇ ਆਪਣੀ ਭੈਣ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਹੋ ਕੇ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਸ਼ਾਮ ਧਨਾਸ ਵਿੱਚ ਮੁਟਿਆਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ਬਾਰੇ ਥਾਣਾ ਸਾਰੰਗਪੁਰ ਦੀ ਪੁਲੀਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਮ੍ਰਿਤਕਾ ਕਿਸੇ ਲੜਕੇ ਨੂੰ ਪਿਆਰ ਕਰਦੀ ਸੀ, ਜਿਸ ਦਾ ਵਿਸ਼ਾਲ ਵੱਲੋਂ ਵਿਰੋਧ ਕੀਤਾ ਜਾਂਦਾ ਸੀ। ਇਸੇ ਦੇ ਚਲਦਿਆਂ ਵਿਸ਼ਾਲ ਨੇ ਆਪਣੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਚੰਡੀਗੜ੍ਹ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਹੱਤਿਆ ਤੋਂ ਬਾਅਦ ਦੋਸਤ ਨੂੰ ਦਿੱਤੀ ਜਾਣਕਾਰੀ
ਮੁਲਜ਼ਮ ਵਿਸ਼ਾਲ ਲੱਕੜ ਦਾ ਕੰਮ ਕਰਦਾ ਹੈ। ਉਸ ਨੇ ਲੰਘੀ ਸ਼ਾਮ ਆਪਣੀ ਭੈਣ ਦਾ ਕਥਿਤ ਤੌਰ ’ਤੇ ਕਤਲ ਕੀਤੇ ਜਾਣ ਦੀ ਜਾਣਕਾਰੀ ਆਪਣੇ ਦੋਸਤ ਸੁਦਰਸ਼ਨ ਨੂੰ ਦਿੱਤੀ। ਉਹ ਵੀ ਧਨਾਸ ਵਿੱਚ ਹੀ ਰਹਿੰਦਾ ਹੈ। ਚੰਡੀਗੜ੍ਹ ਪੁਲੀਸ ਨੇ ਸੁਦਰਸ਼ਨ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।