ਕੁਲਦੀਪ ਸਿੰਘ
ਚੰਡੀਗੜ੍ਹ, 6 ਨਵੰਬਰ
ਪੀਯੂ ਵਿੱਚ ‘ਸੈਨੇਟ’ ਚੋਣਾਂ ਬਹਾਲ ਕਰਵਾਉਣ ਲਈ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪਿਛਲੇ 18 ਦਿਨਾਂ ਤੋਂ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਵਿੱਚ ਅੱਜ ਧੂਰੀ ਤੋਂ ਸਾਬਕਾ ਵਿਧਾਇਕ ਤੇ ਪੀਯੂ ਦੇ ਸਾਬਕਾ ਵਿਦਿਆਰਥੀ ਆਗੂ ਦਲਬੀਰ ਸਿੰਘ ਗੋਲਡੀ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ੍ਰੀ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਮੱਥੇ ਦਾ ਚੰਨ ਸਮਝੀ ਜਾਂਦੀ ਇਸ ਯੂਨੀਵਰਸਿਟੀ ਉੱਤੇ ਕੇਂਦਰ ਸਰਕਾਰ ਬੋਰਡ ਆਫ ਗਵਰਨੈਂਸ ਲਾਗੂ ਕਰ ਕੇ ਲੋਕਤੰਤਰਿਕ ਢਾਂਚਾ ‘ਸੈਨੇਟ’ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਹੀ ਪੀਯੂ ਵਿੱਚ ਕੋਈ ਕਾਨੂੰਨ ਬਣਾਉਣ ਸਬੰਧੀ ਫ਼ੈਸਲਾ ਲੈਂਦੇ ਹਨ ਪਰ ਕੇਂਦਰ ਸਰਕਾਰ ਨੂੰ ਅਜਿਹਾ ਮਨਜ਼ੂਰ ਨਹੀਂ ਹੈ। ਵਾਈਸ ਚਾਂਸਲਰ ਦਫ਼ਤਰ ਅੱਗੇ ਪਿਛਲੇ 18 ਦਿਨਾਂ ਤੋਂ ਵਿਦਿਆਰਥੀ ਮੋਰਚੇ ਉੱਤੇ ਡਟੇ ਹੋਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਅਥਾਰਿਟੀ ਨੇ ਵਿਦਿਆਰਥੀਆਂ ਨਾਲ ਕੋਈ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਿਛਲੀ ਸੈਨੇਟ ਚੋਣ ਵੀ ਕਾਫ਼ੀ ਲੜਾਈ ਲੜ ਕੇ ਕਰਵਾਈ ਗਈ ਸੀ ਪਰ ਇਸ ਵਾਰ ਅਥਾਰਿਟੀ ਨੇ ਫਿਰ ਉਹੀ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਗੋਲਡੀ ਨੇ ਪੰਜਾਬ ’ਵਰਸਿਟੀ ਨਾਲ ਸਬੰਧਤ ਹਰ ਵਿਅਕਤੀ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ’ਤੇ ਆਪਣਾ ਬਣਦਾ ਸਹਿਯੋਗ ਜ਼ਰੂਰ ਦੇਵੇ। ਇਸ ਦੇ ਨਾਲ ਹੀ ਸਾਰੀਆਂ ਪਾਰਟੀਆਂ ਦੇ ਵਿਦਿਆਰਥੀ ਅਤੇ ਹੋਰ ਰਾਜਨੀਤਕ ਆਗੂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉਣ ਤਾਂ ਜੋ ਪੰਜਾਬ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ। ਧਰਨੇ ਵਿੱਚ ਮੌਜੂਦਾ ‘ਸੱਥ’ ਤੋਂ ਵਿਦਿਆਰਥੀ ਆਗੂ ਅਸ਼ਮੀਤ ਸਿੰਘ ਨੇ ਦਲਬੀਰ ਸਿੰਘ ਗੋਲਡੀ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ।