ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਨਵੰਬਰ
ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਨੇ ਢਕੌਲੀ ਵਿੱਚ ਸ਼ਰਾਬ ਦਾ ਠੇਕਾ ਲੁੱਟਣ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਿਸ਼ਾਂਤ ਰਾਣਾ, ਮਨਵੀਰ ਸਿੰਘ, ਵਿਸ਼ਾਲ ਕੁਮਾਰ ਉਰਫ਼ ਕਰੰਡੀ ਅਤੇ ਪੰਕਜ ਉਰਫ਼ ਨਿਖਿਲ ਵਜੋਂ ਹੋਈ ਹੈ। ਇਹ ਸਾਰੇ ਪੰਚਕੂਲਾ ਦੇ ਰਹਿਣ ਵਾਲੇ ਹਨ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਪਿਸਤੌਲ, 1 ਕਾਰਤੂਸ ਅਤੇ 2 ਖੋਲ, 2 ਕਮਾਣੀਦਾਰ ਚਾਕੂ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਾਜਾਇਜ਼ ਅਸਲਾ ਕੁੱਝ ਦਿਨ ਪਹਿਲਾਂ ਹੀ ਯੂਪੀ ਤੋਂ ਮੰਗਵਾਇਆ ਸੀ। ਮੁਲਜ਼ਮ ਨਿਸ਼ਾਂਤ ਰਾਣਾ ਵਿਰੁੱਧ ਪਹਿਲਾਂ ਵੀ ਜਾਅਲਸਾਜ਼ੀ ਦਾ ਕੇਸ ਦਰਜ ਹੈ ਜਦੋਂਕਿ ਮਨਵੀਰ ਖ਼ਿਲਾਫ਼ ਵੀ ਨਾਜਾਇਜ਼ ਸ਼ਰਾਬ ਵੇਚਣ ਦਾ ਕੇਸ ਦਰਜ ਹੈ। ਮੁਲਜ਼ਮ ਵਿਸ਼ਾਲ ਕੁਮਾਰ ਖ਼ਿਲਾਫ਼ ਵੀ ਲੜਾਈ ਝਗੜੇ ਦਾ ਕੇਸ ਦਰਜ ਹੈ।
ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਮਨੋਜ ਕੁਮਾਰ ਵਾਸੀ ਪਿੰਡ ਟੱਪਰੀਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਮਮਤਾ ਐਨਕਲੇਵ ਢਕੌਲੀ ਵਿੱਚ ਸ਼ਰਾਬ ਦੇ ਠੇਕੇ ’ਤੇ ਨੌਕਰੀ ਕਰਦਾ ਹੈ। ਪਹਿਲੀ ਨਵੰਬਰ ਦੀ ਰਾਤ 11 ਵਜੇ ਉਹ ਠੇਕੇ ’ਤੇ ਖੜ੍ਹਾ ਸੀ। ਦੇਰ ਰਾਤ ਤਿੰਨ ਵਿਅਕਤੀ ਉਸ ਕੋਲ ਆਏ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਉਨ੍ਹਾਂ ਨੇ ਉਸ ਨੂੰ ਗਲ ਤੋਂ ਫੜ ਲਿਆ ਅਤੇ ਉਸ ਦੀ ਪਿੱਠ ’ਤੇ ਪਿਸਤੌਲ ਲਗਾ ਕੇ ਧਮਕਾਇਆ। ਉਸ ਨੇ ਆਪਣੇ ਬਚਾਅ ਵਿੱਚ ਇੱਕ ਵਿਅਕਤੀ ਨੂੰ ਜੱਫਾ ਮਾਰਿਆ ਤਾਂ ਉਹ ਦੋਵੇਂ ਹੇਠਾਂ ਡਿੱਗ ਪਏ।
ਇਸ ਦੌਰਾਨ ਬਾਹਰ ਖੜ੍ਹੇ ਵਿਅਕਤੀ ਨੇ ਗੋਲੀ ਚਲਾ ਦਿੱਤੀ, ਇੱਕ ਗੋਲੀ ਕੰਧ ’ਤੇ ਜਾ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬੇਸਮੈਂਟ ਵਿੱਚ ਬਣੇ ਅਹਾਤੇ ਦਾ ਮਾਲਕ ਦੀਪਕ ਸੰਧੂ ਵੀ ਬਾਹਰ ਆ ਗਿਆ। ਲੁਟੇਰਿਆਂ ਨੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਜੋ ਦੀਪਕ ਸੰਧੂ ਦੀ ਛਾਤੀ ਵਿੱਚ ਵੱਜੀ। ਬਾਅਦ ਵਿੱਚ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਅਸਲਾ ਐਕਟ ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਸੀ।