ਖੇਤਰੀ ਪ੍ਰਤੀਨਿਧ
ਪਟਿਆਲਾ, 6 ਨਵੰਬਰ
ਲਾਈਨਮੈਨ ਵਜੋਂ ਨੌਕਰੀ ਦੀ ਮੰਗ ਲਈ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਕੱਲ੍ਹ ਤੋਂ ਧਰਨਾ ਲਾ ਕੇ ਬੈਠੇ ਬੇਰੁਜ਼ਗਾਰ ਅਪ੍ਰੈਂਟਸਸ਼ਿਪ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਤੇ ਨੌਜਵਾਨਾਂ ਦੇ ਸੰਘਰਸ਼ ਦੇ ਅੱਜ ਦੂਜੇ ਦਿਨ ਮੈਨੇਜਮੈਂਟ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ।
ਇਸ ਦੌਰਾਨ ਯੂਨੀਅਨ ਆਗੂਆਂ ਨੇ ਸੂਬਾਈ ਪ੍ਰਧਾਨ ਕੰਵਰਦੀਪ ਸਿੰਘ ਸਮਾਣਾ ਦੀ ਅਗਵਾਈ ਹੇਠਾਂ ਮੀਟਿੰਗ ਕਰਕੇ ਨਿਯੁਕਤੀ ਪੱਤਰ ਜਾਰੀ ਹੋਣ ਤੱਕ ਇੱਥੇ ਹੀ ਡਟੇ ਰਹਿਣ ਦਾ ਅਹਿਦ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਇਨ੍ਹਾਂ ਬੇਰੁਜ਼ਗਾਰਾਂ ਦੀ ਗਿਣਤੀ ਦੋ ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ। ਅਪ੍ਰੈਂਟਸਸ਼ਿਪ ਕੀਤੇ ਹੋਣ ਕਰਕੇ ਉਹ ਲਾਈਨਮੈਨ ਦੀ ਨੌਕਰੀ ਲਈ ਯੋਗ ਹਨ। ਭਾਵੇਂ ਅਧਿਕਾਰੀ ਇਹ ਗੱਲ ਅਜੇ ਅਧਿਕਾਰਤ ਤੌਰ ’ਤੇ ਤਾਂ ਨਹੀਂ ਆਖ ਰਹੇ, ਪਰ ਚਰਚਾ ਹੈ ਕਿ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਸਮੂਹ ਨੌਜਵਾਨਾਂ ਨੂੰ ਲਾਈਨਮੈਨਾ ਵਜੋਂ ਨੌਕਰੀ ਦੇਣ ਦਾ ਫੈਸਲਾ ਲਿਆ ਗਿਆ ਸੀ ਪਰ ਤਰਕ ਦਿੱਤਾ ਜਾ ਰਿਹਾ ਹੈ ਕਿ ਪੰਜਾਬ ’ਚ ਜਾਰੀ ਜ਼ਿਮਨੀ ਚੋਣਾਂ ਕਰ ਕੇ ਇਸ ਸਬੰਧੀ ਅਜੇ ਅਗਲੇਰੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਸਕਦੀ। ਇਹ ਪ੍ਰਦਰਸ਼ਨਕਾਰੀ ਫੌਰੀ ਤੌਰ ’ਤੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ’ਤੇ ਅੜੇ ਹੋਏ ਹਨ।
ਇਸੇ ਕੜੀ ਵਜੋਂ ਹੀ ਉਨ੍ਹਾਂ ਨੇ 5 ਨਵੰਬਰ ਨੂੰ ਇਥੇ ਇਹ ਧਰਨਾ ਸ਼ੁਰੂ ਕੀਤਾ ਸੀ।
ਅਧਿਕਾਰੀਆਂ ਵੱਲੋਂ ਵਾਰ ਵਾਰ ਸਮਝਾਉਣ ’ਤੇ ਵੀ ਉਹ ਨਾ ਉੱਠੇ ਅਤੇ ਰਾਤ ਭਰੇ ਇੱਥੇ ਹੀ ਡਟੇ ਰਹੇ।
ਅੱਜ 6 ਨਵੰਬਰ ਨੂੰ ਯੂਨੀਅਨ ਆਗੂਆਂ ਦੀ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਜਿਸ ਦੌਰਾਨ ਵੀ ਉਨ੍ਹਾਂ ਨੂੰ ਚੋਣਾਂ ਮਗਰੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਗੱਲ ਆਖੀ ਗਈ ਪਰ ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਉਹ ਨਿਯੁਕਤੀ ਪੱਤਰ ਜਾਰੀ ਹੋਣ ਤੱਕ ਇਥੇ ਹੀ ਡਟੇ ਰਹਿਣਗੇ। ਇਸ ਤਰ੍ਹਾਂ ਉਹ ਅੱਜ ਦੂਜੀ ਰਾਤ ਵੀ ਇਥੇ ਹੀ ਡਟੇ ਹੋਏ ਹਨ। ਦੂਜੇ ਪਾਸੇ ਇੱਥੇ ਕੱਲ੍ਹ ਤੋਂ ਹੀ ਡੀਐੱਸਪੀ ਸਤਿਨਾਮ ਸਿੰਘ ਦੀ ਅਗਵਾਈ ਹੇਠਾਂ ਪੁਲੀਸ ਫੋਰਸ ਤਾਇਨਾਤ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।