ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਨਵੰਬਰ
ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਦੇ ਬੱਚਿਆਂ ਨੂੰ ਆਨਲਾਈਨ ਧੋਖਾਧੜੀ ਬਾਰੇ ਜਾਗਰੂਕ ਕਰਨ ਲਈ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੀ ਦੇਖ-ਰੇਖ ਹੇਠ ਸਾਈਬਰ ਕ੍ਰਾਈਮ ਪੁਲੀਸ ਲਾਈਨ ਸੰਗਰੂਰ ਦਾ ਦੌਰਾ ਕਰਵਾਇਆ ਗਿਆ। ਇੰਸਪੈਕਟਰ ਸਿਮਰਨਜੀਤ ਸਿੰਘ ਵੱਲੋਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸਾਈਬਰ ਕ੍ਰਾਈਮ ਅਤੇ ਆਨਲਾਈਨ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਦੀ ਪ੍ਰਕਿਰਿਆ ਅਤੇ ਸਾਈਬਰ ਕ੍ਰਾਈਮ ਦੇ ਮਾਮਲੇ ਵਿੱਚ ਪੁਲੀਸ ਨਾਲ ਸੰਪਰਕ ਕਰਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਫਰਜ਼ੀ ਖਾਤਾ ਨਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਧੋਖਾਧੜੀ ਕਰਨ ਵਾਲਾ ਭਾਵੇਂ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ, ਉਹ ਫੜਿਆ ਜਾਂਦਾ ਹੈ। ਵਿਦਿਆਰਥੀਆਂ ਵੱਲੋਂ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕਰਨ ਲਈ ਕਈ ਸਵਾਲ ਵੀ ਪੁੱਛੇ ਗਏ। ਇਸ ਉਪਰੰਤ ਕਾਨਫਰੰਸ ਰੂਮ ਵਿੱਚ ਬੱਚਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਡੀਐੱਸਪੀ ਗੁਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਅਮਨ ਨਿੱਝਰ ਨੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।