ਪੱਤਰ ਪ੍ਰੇਰਕ
ਬਠਿੰਡਾ, 6 ਨਵੰਬਰ
ਇੱਥੇ ਬਠਿੰਡਾ-ਗੋਨਿਆਣਾ ਰੋਡ ’ਤੇ ਝੀਲ ਨੰਬਰ 2 ’ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਟੇਕ ਚੰਦ, ਰਾਜਿੰਦਰ ਕੁਮਾਰ, ਸੰਦੀਪ ਗਿੱਲ, ਵਿੱਕੀ ਕੁਮਾਰ ਅਤੇ ਜੱਗਾ ਮੌਕੇ ’ਤੇ ਪੁੱਜੇ ਤੇ ਝੀਲ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ। ਮੌਕੇ ’ਤੇ ਇਸ ਦੀ ਸੂਚਨਾ ਥਾਣਾ ਥਰਮਲ ਦੀ ਪੁਲੀਸ ਨੂੰ ਦਿੱਤੀ ਗਈ। ਮ੍ਰਿਤਕ ਦੀ ਸ਼ਨਾਖ਼ਤ ਦੀਪਕ ਕੁਮਾਰ ਪੁੱਤਰ ਸ਼ੰਭੂ ਰਾਮ ਵਜੋਂ ਹੋਈ ਹੈ। ਗੌਰਤਲਬ ਹੈ ਕਿ ਉਕਤ ਨੌਜਵਾਨ 31 ਅਕਤੂਬਰ ਤੋਂ ਘਰੋਂ ਲਾਪਤਾ ਹੋ ਗਿਆ ਸੀ ਜਿਸ ਦੀ ਲਾਸ਼ ਅੱਜ ਬਠਿੰਡਾ ਥਰਮਲ ਦੀ ਝੀਲ ਵਿੱਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਥਾਣਾ ਥਰਮਲ ਦੀ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।