ਪ੍ਰਭੂ ਦਿਆਲ
ਸਿਰਸਾ, 6 ਨਵੰਬਰ
ਫਾਸਟ ਟਰੈਕ ਅਦਾਲਤ ਨੇ ਅੱਠ ਸਾਲ ਦੇ ਪਹਿਲੀ ਜਮਾਤ ਵਿੱਚ ਪੜ੍ਹਨ ਵਾਲੇ ਇੱਕ ਲੜਕੇ ਨਾਲ ਬਦਫੈਲੀ ਕਰਨ ਵਾਲੇ ਨੌਜਵਾਨ ਨੂੰ 20 ਸਾਲ ਦੀ ਕੈਦ ਅਤੇ 51,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਛੇ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ’ਤੇ ਫੈਸਲਾ ਬੁੱਧਵਾਰ ਤੱਕ ਸੁਰੱਖਿਅਤ ਰੱਖਿਆ ਸੀ। ਫਰਵਰੀ 2022 ਵਿੱਚ ਰਾਸ਼ਟਰੀ ਸੁਰੱਖਿਆ ਏਜੰਸੀ ਪੁਲੀਸ ਨੇ ਕਥਿਤ ਦੋਸ਼ੀ ਖਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਪੀੜਤ ਬੱਚੇ ਦੇ ਪਿਤਾ ਨੇ ਦੱਸਿਆ ਸੀ ਕਿ ਉਸ ਦਾ ਲੜਕਾ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ 2 ਫਰਵਰੀ 2022 ਨੂੰ ਉਸ ਦਾ ਲੜਕਾ ਪਿੰਡ ਦੇ ਕ੍ਰਿਕਟ ਗਰਾਊਂਡ ’ਚ ਮੈਚ ਦੇਖਣ ਗਿਆ ਸੀ। ਸ਼ਾਮ 5.30 ਵਜੇ ਤੱਕ ਉਹ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਨ ਗਏ। ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਤਲਾਸ਼ ਕਰਦੇ ਹੋਏ ਜਦੋਂ ਪਰਿਵਾਰਕ ਮੈਂਬਰ ਸਕੂਲ ਦੇ ਗੇਟ ਨੇੜੇ ਪਹੁੰਚੇ ਤਾਂ ਉਸ ਦਾ ਲੜਕਾ ਪਿੰਡ ਦੇ ਹੀ ਰਹਿਣ ਵਾਲੇ ਰਿੰਕੂ ਨਾਂ ਦੇ ਨੌਜਵਾਨ ਨਾਲ ਦੇਖਿਆ ਗਿਆ। ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਰਿੰਕੂ ਉੁਸਦੇ ਬੇਟੇ ਨੂੰ ਛੱਡ ਕੇ ਭੱਜ ਗਿਆ। ਘਰ ਪਹੁੰਚਣ ’ਤੇ ਉਸ ਦੇ ਬੇਟੇ ਦੇ ਪੇਟ ’ਚ ਦਰਦ ਹੋਣ ਲੱਗਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੇ ਨੂੰ ਸਿਰਸਾ ਦੇ ਸਿਵਲ ਹਸਪਤਾਲ ਪਹੁੰਚੇ ਅਤੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਪੁਲੀਸ ਨੇ ਪੀੜਤ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮ ਰਿੰਕੂ ਖ਼ਿਲਾਫ਼ ਕੇਸ ਦਰਜ ਕਰ ਲਿਆ। ਬੁੱਧਵਾਰ ਨੂੰ ਫਾਸਟ ਟਰੈਕ ਕੋਰਟ ਦੇ ਜੱਜ ਪ੍ਰਵੀਨ ਕੁਮਾਰ ਨੇ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਰਿੰਕੂ ਨੂੰ 20 ਸਾਲ ਕੈਦ ਅਤੇ 51 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।