ਪੱਤਰ ਪ੍ਰੇਰਕ
ਕਾਹਨੂੰਵਾਨ, 6 ਨਵੰਬਰ
ਸੂਬਾ ਆਗੂ ਮੇਜਰ ਸਿੰਘ ਦੀ ਅਗਵਾਈ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨੇੜਲੇ ਪਿੰਡ ਕੋਟ ਟੋਡਰ ਮੱਲ ਵਿੱਚ ਇਕ ਮਜ਼ਦੂਰ ਆਗੂ ਖ਼ਿਲਾਫ਼ ਦਰਜ ਕੇਸ ਬਾਰੇ ਚਰਚਾ ਕੀਤੀ ਗਈ।
ਮੇਜਰ ਸਿੰਘ ਕੋਟ ਟੋਡਰ ਮੱਲ ਨੇ ਦੱਸਿਆ ਕਿ ਉਸਾਰੀ ਇਫਟੂ ਦੇ ਜ਼ਿਲ੍ਹਾ ਸਕੱਤਰ ਜੋਗਿੰਦਰ ਪਾਲ ਘੁਰਾਲਾ ਸਣੇ ਚਾਰ ਹੋਰਨਾਂ ਖ਼ਿਲਾਫ਼ ਤਾਰਾ ਚੰਦ ਵਾਸੀ ਜ਼ਫਰਵਾਲ ਵੱਲੋਂ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਮਜ਼ਦੂਰ ਆਗੂ ਨੇ ਦੋਸ਼ ਲਗਾਏ ਕਿ ਤਾਰਾ ਸਿੰਘ ਨੇ ਸਰਕਾਰੀ ਡਾਕਟਰਾਂ ਨਾਲ ਮਿਲੀਭੁਗਤ ਕਰ ਕੇ ਜੋਗਿੰਦਰਪਾਲ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਹੈ, ਜਿਸ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਅਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ 11 ਨਵੰਬਰ ਨੂੰ ਥਾਣਾ ਸਿਟੀ ਗੁਰਦਾਸਪੁਰ ਸਾਹਮਣੇ ਧਰਨਾ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮਜ਼ਦੂਰ ਅਗੂ ਦੀ ਧੀ ਦੇ ਸਹੁਰਾ ਪਰਿਵਾਰ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮਜ਼ਦੂਰ ਆਗੂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਪੁਲੀਸ ਅਤੇ ਡਾਕਟਰਾਂ ਨਾਲ ਮਿਲੀਭੁਗਤ ਕਰ ਕੇ ਝੂਠਾ ਪਰਚਾ ਦਰਜ ਕਰਵਾ ਦਿੱਤਾ। ਮੇਜਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਇਸ ਦੇ ਵਿਰੋਧ ਵਿੱਚ ਪੇਂਡੂ ਮਜ਼ਦੂਰ ਯੂਨੀਅਨ 11 ਨਵੰਬਰ ਨੂੰ ਥਾਣੇ ਸਾਹਮਣੇ ਧਰਨਾ ਲਗਾਏਗੀ।