ਗੁਰਬਖਸ਼ਪੁਰੀ
ਤਰਨ ਤਾਰਨ, 6 ਨਵੰਬਰ
ਭਿੱਖੀਵਿੰਡ ਪੁਲੀਸ ਨੇ ਇਲਾਕੇ ਦੇ ਪਿੰਡ ਬੈਂਕਾ ਨੇੜਿਓਂ ਕਸੂਰ ਡਰੇਨ ਵਿੱਚੋਂ ਅੱਜ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਲਾਸ਼ਾਂ ਦੀ ਅਜੇ ਪਛਾਣ ਹੋਣੀ ਬਾਕੀ ਹੈ| ਇਕ ਲਾਸ਼ ਗਲੀ-ਸੜੀ ਹੈ ਜਦਕਿ ਦੋ ਲਾਸ਼ਾਂ ’ਤੇ ਸੱਟਾਂ ਦੇ ਨਿਸ਼ਾਨ ਅਜੇ ਸੱਜਰੇ ਦਿਖਾਈ ਦਿੰਦੇ ਹਨ| ਇੰਝ ਲੱਗਦਾ ਹੈ ਕਿ ਇਨ੍ਹਾਂ ਨੂੰ ਭਾਰੀ ਤਸ਼ਦੱਦ ਕਰ ਕੇ ਮਾਰਿਆ ਗਿਆ ਹੈ|
ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਸਰਹੱਦੀ ਖੇਤਰ ਅੰਦਰ ਪੰਜਾਬ ਦੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦਾ ਦੌਰਾ ਹੋਣ ਕਰ ਕੇ ਵਧੇਰੇ ਮੁਲਾਜ਼ਮਾਂ ਦੇ ਰੁੱਝੇ ਹੋਣ ਕਰ ਕੇ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਪਿੰਡ ਦੇ ਲੋਕਾਂ ਤੋਂ ਮਿਲੀ ਅਤੇ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਭਿੱਖੀਵਿੰਡ ਦੇ ਥਾਣਾ ਮੁਖੀ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕੀਤੀ| ਇਹ ਲਾਸ਼ਾਂ ਪਰਵਾਸੀ ਮਜ਼ਦੂਰਾਂ ਦੀਆਂ ਲੱਗਦੀਆਂ ਹਨ। 35 ਕੁ ਸਾਲ ਦੇ ਵਿਅਕਤੀ ਦੀ ਗਲੀ-ਸੜੀ ਲਾਸ਼ ਇਕ ਬੋਰੀ ਵਿੱਚ ਬੰਨ੍ਹ ਕੇ ਨਾਲੇ ਵਿੱਚ ਸੁੱਟੀ ਹੋਈ ਸੀ ਜਦਕਿ ਦੋ ਲਾਸ਼ਾਂ ਨੂੰ ਇਕ ਕੰਬਲ ਵਿੱਚ ਬੰਨ੍ਹ ਕੇ ਸੁੱਟਿਆ ਹੋਇਆ ਸੀ।
ਇਨ੍ਹਾਂ ਵਿੱਚੋਂ ਇਕ ਮ੍ਰਿਤਕ ਦੀ ਉਮਰ 40 ਜਦਕਿ ਦੂਸਰੇ ਦੀ ਉਮਰ 60 ਸਾਲ ਦੇ ਕਰੀਬ ਲੱਗਦੀ ਹੈ| ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਹ ਲਾਸ਼ਾਂ ਦੂਰ ਤੋਂ ਲਿਆ ਕੇ ਇੱਥੇ ਡਰੇਨ ਵਿੱਚ ਸੁੱਟੀਆਂ ਗਈਆਂ ਲੱਗਦੀਆਂ ਹਨ| ਲਾਸ਼ਾਂ ਦੇ ਸਿਰ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ’ਤੇ ਜ਼ਖ਼ਮਾਂ ਦੇ ਨਿਸ਼ਾਨਾਂ ਤੋਂ ਲੱਗਦਾ ਹੈ ਕਿ ਇਨ੍ਹਾਂ ਨੂੰ ਕਾਫੀ ਤਸ਼ੱਦਦ ਕਰ ਕੇ ਮਾਰਿਆ ਗਿਆ ਹੈ| ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ|