ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਨਵੰਬਰ
ਲੋਕ ਸੇਵਾ ’ਚ ਦ੍ਰਿੜ ਇਰਾਦੇ ਅਤੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਮਰਹੂਮ ਕਰਨਲ ਜੇਐੱਸ ਬਰਾੜ ਦੀ ਯਾਦ ਵਿੱਚ ਅੱਜ ਸੁਨੇਤ ਸਥਿਤ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦਗਾਰ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਮਾਜ ਚਿੰਤਕਾਂ, ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਸੁਨੇਤ, ਸਮਾਜ ਸੇਵੀ ਸੰਸਥਾ ਮਹਾ ਸਭਾ ਲੁਧਿਆਣਾ ਅਤੇ ਗਦਰੀ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ ਜ਼ਿਲ੍ਹੇ ਦੀਆਂ ਹੋਰ ਜ਼ਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਕਰਨਲ ਬਰਾੜ ਵੱਲੋਂ ਇਲਾਕੇ ਅਤੇ ਸਮਾਜਿਕ ਸੰਸਥਾਵਾਂ ਵਿੱਚ ਨਿਭਾਏ ਸ਼ਾਨਾਮੱਤੀ ਭੂਮਿਕਾ ਨੂੰ ਯਾਦ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮਗਰੋਂ ਕਸਤੂਰੀ ਲਾਲ ਤੇ ਰਾਵਿਤਾ ਨੇ ਗੀਤਾਂ ਰਾਹੀਂ ਆਪਣੇ ਜਜ਼ਬਾਤ ਸਾਂਝੇ ਕੀਤੇ। ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਨੇ ਦੱਸਿਆ ਕਿ ਬਾਬਾ ਭਾਨ ਸਿੰਘ ਟਰੱਸਟ ਅਤੇ ਮਹਾਂ ਸਭਾ ਲੁਧਿਆਣਾ ਦੇ ਬਾਨੀ ਪ੍ਰਧਾਨ ਰਹੇ ਮਰਹੂਮ ਕਰਨਲ ਬਰਾੜ ਦੇ ਜਾਣ ਨਾਲ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਉਨ੍ਹਾਂ ਦੀ ਅਗਵਾਈ ਹੇਠ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਵਿੱਚ ਗਰੀਬ ਲੜਕੀਆਂ ਲਈ ਸਿਲਾਈ ਸੈਂਟਰ ਸਮੇਤ ਲਾਇਬ੍ਰੇਰੀ, ਸੈਮੀਨਾਰ ਹਾਲ ਤੇ ਖੁੱਲ੍ਹੀ ਸਟੇਜ ਦੀ ਉਸਾਰੀ ਕੀਤੀ ਗਈ। ਇਸ ਸਮਾਗਮ ਨੂੰ ਟਰੱਸਟ ਦੇ ਆਗੂ ਮਾਸਟਰ ਭਜਨ ਕੈਨੇਡਾ, ਐਡਵੋਕੇਟ ਹਰਪ੍ਰੀਤ ਜ਼ੀਰਖ ਨੇ ਕਰਨਲ ਬਰਾੜ ਦੀ ਲੋਕ ਪੱਖੀ ਜ਼ਿੰਦਗੀ ਬਾਰੇ ਮਹੱਤਵ ਪੂਰਣ ਘਟਨਾਵਾਂ ਦਾ ਵਰਨਣ ਕੀਤਾ।
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਬੂਟਾ ਸਿੰਘ ਮਹਿਮੂਦਪੁਰ, ਪ੍ਰਿੰਸੀਪਲ ਗੁਰਸੇਵਕ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਉੱਘੇ ਵਿਗਿਆਨੀ ਬਲਵਿੰਦਰ ਔਲਖ ਵੱਲੋਂ ਕਰਨਲ ਬਰਾੜ ਦੀ ਸ਼ੰਘਰਸ਼ੀ ਜ਼ਿੰਦਗੀ, ਦਲੇਰੀ ਅਤੇ ਗਲਤ ਰਾਜਨੀਤਕ ਪ੍ਰਬੰਧ ਖ਼ਿਲਾਫ਼ ਕੀਤੀ ਜੱਦੋ-ਜਹਿਦ ਬਾਰੇ ਬਹੁਤ ਭਾਵ ਪੂਰਵਕ ਜਾਣਕਾਰੀ ਸਾਂਝੀ ਕੀਤੀ। ਮਰਹੂਮ ਕਰਨਲ ਬਰਾੜ ਦੀ ਪਤਨੀ ਸੁਰਿੰਦਰ ਕੌਰ, ਬੇਟਾ ਬਿਕਰਮ, ਬੇਟੀ ਪੂਨਮ ਨੇ ਸਾਰੇ ਬੁਲਾਰਿਆਂ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਹਮਦਰਦਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।