ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਨਵੰਬਰ
ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ, ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਕਾਸ਼ ਸਿੰਘ, ਡਾ. ਜਸਵਿੰਦਰਪਾਲ ਸਿੰਘ, ਏਡੀਓ ਡਾ. ਹਰਪੁਨੀਤ ਕੌਰ ਤੇ ਪ੍ਰਭਪ੍ਰੀਤ ਕੌਰ ਨੇ ਅੱਜ ਨੇੜਲੇ ਪਿੰਡ ਗੋਹ ਅਤੇ ਹਰਿਓ ਕਲਾਂ ਵਿੱਚ ਖੇਤੀਬਾੜੀ ਸਭਾਵਾਂ ਵਿੱਚ ਜਾ ਕੇ ਡੀਏਪੀ ਦੇ ਸਟਾਕ ਦੀ ਜਾਂਚ ਕੀਤੀ। ਇਸ ਮੌਕੇ ਪੀਓਐੱਸ ਮਸ਼ੀਨ ਰਾਹੀਂ ਖੇਤੀਬਾੜੀ ਸਭਾਵਾਂ ਵਿੱਚ ਸਟਾਕ ਦਾ ਮਿਲਾਨ ਕੀਤਾ ਗਿਆ ਤੇ ਦੋਵੇਂ ਸਭਾਵਾਂ ਵਿੱਚ ਕੋਈ ਕਮੀ ਨਹੀਂ ਪਾਈ ਗਈ। ਉਪਰੋਕਤ ਅਧਿਕਾਰੀਆ ਨੇ ਸਭਾਵਾਂ ਦੇ ਸਕੱਤਰਾਂ ਨੂੰ ਹਦਾਇਤਾਂ ਕੀਤੀਆਂ ਕਿ ਜਿੰਨਾ ਜਲਦੀ ਹੋ ਸਕੇ ਕਿਸਾਨਾਂ ਨੂੰ ਡੀਏਪੀ ਮੁਹੱਈਆ ਕਰਵਾਈ ਜਾਵੇ ਤੇ ਖਾਦ ਦੇ ਨਾਲ ਕਿਸਾਨਾਂ ਨੂੰ ਕੋਈ ਹੋਰ ਖਾਦਾਂ ਜਾਂ ਦਵਾਈਆਂ ਨਾ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਡੀਏਪੀ ਸਭ ਤੋਂ ਵੱਧ ਫਾਸਫੋਰਸ ਤੱਤਾਂ ਵਾਲੀ ਖਾਦ ਹੈ ਇਸ ਦੇ ਮੌਜੂਦਾ ਸਮੇਂ ਕਈ ਬਦਲ ਹਨ ਜਿਨ੍ਹਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸ੍ਰੋਤ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੀਏਪੀ ਦੀ ਥਾਂ ਐਨਪੀਕੇ (12.32.16), ਸਿੰਗਲ ਸੁਪਰ ਫਾਸਫੇਟ ਅਤੇ ਟ੍ਰਿਪਲ ਸੁਪਰ ਫਾਸਫੇਟ ਨੂੰ ਵਰਤਿਆ ਜਾ ਸਕਦਾ ਹੈ। ਇਸ ਮੌਕੇ ਇੰਸਪੈਕਟਰ ਗਿਫ਼ਟੀ ਵਧਵਾ ਹਾਜ਼ਰ ਸਨ।