ਮੁੰਬਈ, 7 ਨਵੰਬਰ
ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਮੈਨੀਫੈਸਟੋ ਵਿੱਚ ਮੁੰਡਿਆਂ ਨੂੰ ਮੁਫ਼ਤ ਸਿੱਖਿਆ ਦੇਣ ਅਤੇ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਦੇ ਭਰੋਸੇ ਦੇ ਨਾਲ ਹੀ ਧਾਰਾਵੀ ਪੁਨਰਵਿਕਾਸ ਪ੍ਰਾਜੈਕਟ ਨੂੰ ਰੱਦ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।
ਮੁੰਬਈ ਵਿੱਚ ਸਥਿਤ ਆਪਣੀ ਰਿਹਾਇਸ਼ ‘ਮਾਤੋਸ੍ਰੀ’ ਵਿਖੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਠਾਕਰੇ ਨੇ ਕਿਹਾ ਕਿ ਜ਼ਿਆਦਾਤਰ ਚੋਣ ਵਾਅਦੇ ਵਿਰੋਧੀ ਗੱਠਜੋੜ ਮਹਾਵਿਕਾਸ ਅਘਾੜੀ (ਐੱਮਵੀਏ) ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹਨ ਪਰ ਕੁਝ ਬਿੰਦੂ ਅਜਿਹੇ ਹਨ ਜਿਨ੍ਹਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ, ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਾਲਾ ਐੱਮਵੀਏ ਗੱਠਜੋੜ 20 ਨਵੰਬਰ ਨੂੰ ਹੋਣ ਵਾਲੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਵੀ ਜਾਰੀ ਕਰੇਗਾ। ਠਾਕਰੇ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਮੰਦਰ ਹੋਵੇਗਾ। ਉਨ੍ਹਾਂ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਅਤੇ ਰਾਖਵੇਂਕਰਨ ਦੀ 50 ਫੀਸਦ ਹੱਦ ਹਟਾਉਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਜਨਤਕ ਟਰਾਂਸਪੋਰਟ ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ, ਸੂਬੇ ਦੇ ਪੁਲੀਸ ਬਲ ਵਿੱਚ 18,000 ਮਹਿਲਾਵਾਂ ਦੀ ਭਰਤੀ ਅਤੇ ਮਹਾਰਾਸ਼ਟਰ ਵਿੱਚ ਸਿਰਫ਼ ਮਹਿਲਾ ਅਧਿਕਾਰੀਆਂ ਤੇ ਮੁਲਾਜ਼ਮਾਂ ਵਾਲੇ ਥਾਣੇ ਸਥਾਪਤ ਕਰਨ ਤੋਂ ਇਲਾਵਾ ਕੋਲੀਵਾੜਾ ਤੇ ਗੌਠਾਨਾਂ ਦੇ ਕਲੱਸਟਰ ਵਿਕਾਸ ਨੂੰ ਰੋਕਣ ਦਾ ਵਾਅਦਾ ਕੀਤਾ। ਉਨ੍ਹਾਂ ਸੂਬੇ ਵਿੱਚ ਇਕ ਕੌਮਾਂਤਰੀ ਵਿੱਤ ਕੇਂਦਰ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ।
ਇਸੇ ਦੌਰਾਨ ਠਾਕਰੇ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮਾਹਿਮ ਵਿਧਾਨ ਸਭਾ ਸੀਟ ਤੋਂ ਚੋਣ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ। ਉੱਥੋਂ ਉਨ੍ਹਾਂ ਦੇ ਭਰਾ ਰਾਜ ਠਾਕਰੇ ਦਾ ਪੁੱਤਰ ਅਮਿਤ ਅਤੇ ਸ਼ਿਵ ਸੈਨਾ ਦੇ ਕਾਬਜ਼ ਧੜੇ ਦੇ ਸਦਾਨੰਦ ਸਾਰਵੰਕਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾ ਕਿ ਮਾਹਿਮ ਉਨ੍ਹਾਂ ਦੀ ਪਾਰਟੀ ਦੀ ਸੀਟ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਘਾਟ ਕਾਰਨ ਹਰੇਕ ਹਲਕੇ ਵਿੱਚ ਰੈਲੀ ਨਹੀਂ ਕੀਤੀ ਜਾ ਸਕਦੀ। -ਪੀਟੀਆਈ
‘ਮਾਤੋਸ੍ਰੀ’ ਤੋਂ ਚੋਣ ਮੈਨੀਫੈਸਟੋ ਜਾਰੀ ਕਰਨ ’ਤੇ ਭਾਜਪਾ ਨੇ ਨਿਸ਼ਾਨਾ ਸੇਧਿਆ
ਮੁੰਬਈ: ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਆਪਣੀ ਰਿਹਾਇਸ਼ ਤੋਂ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰਨ ਲਈ ਅੱਜ ਊਧਵ ਠਾਕਰੇ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਆਪਣੇ ਪਰਿਵਾਰ ’ਤੇ ਵਧੇਰੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਵਿਆਪਕ ਭਾਈਚਾਰੇ ਨੂੰ ਅਣਗੌਲਿਆਂ ਕਰ ਰਹੇ ਹਨ। -ਪੀਟੀਆਈ