ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਨਵੰਬਰ
ਬਿਜਲੀ, ਟਰਾਂਸਪੋਰਟ ਅਤੇ ਲੇਬਰ ਮੰਤਰੀ ਅਨਿਲ ਵਿੱਜ ਦੇ ਬਿਆਨ ਕਿ ਅੰਬਾਲਾ ਪ੍ਰਸ਼ਾਸਨ ਨੇ ਚੋਣਾਂ ਦੌਰਾਨ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ, ਤੋਂ ਬਾਅਦ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵਿਰੇਸ਼ ਸ਼ਾਂਡਿਲਿਆ ਨੇ ਵਿੱਜ ਨਾਲ ਮੁਲਾਕਾਤ ਕਰਕੇ ਐਲਾਨ ਕੀਤਾ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਦਾ ਫਰੰਟ ਅਤੇ ਵਿਸ਼ਵ ਹਿੰਦੂ ਤਖ਼ਤ ਚੁੱਪ ਨਹੀਂ ਬੈਠੇਗਾ। ਸ੍ਰੀ ਸ਼ਾਂਡਿਲਿਆ ਨੇ ਪ੍ਰਸ਼ਾਸਨ ਵੱਲੋਂ ਅਨਿਲ ਵਿੱਜ ਦੇ ਕਤਲ ਦੀ ਸਾਜ਼ਿਸ਼ ਨੂੰ ਪ੍ਰਸ਼ਾਸਨਿਕ ਅਤਿਵਾਦ ਕਰਾਰ ਦਿੰਦਿਆਂ ਕਿਹਾ ਕਿ ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਦੇ ਚੋਣ ਕਮਿਸ਼ਨ ਨਾਲ ਵੀ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸੱਤਵੀਂ ਵਾਰ ਵਿਧਾਇਕ ਅਤੇ ਤੀਜੀ ਵਾਰ ਕੈਬਨਿਟ ਮੰਤਰੀ ਬਣੇ ਅਨਿਲ ਵਿੱਜ ਮੀਡੀਆ ਨੂੰ ਖੁੱਲ੍ਹ ਕੇ ਦੱਸ ਰਹੇ ਹਨ ਕਿ ਅੰਬਾਲਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ, ਇਸ ਦੇ ਬਾਵਜੂਦ ਮੁੱਖ ਮੰਤਰੀ ਜਾਂ ਚੋਣ ਕਮਿਸ਼ਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਵੀਰੇਸ਼ ਸ਼ਾਂਡਿਲਿਆ ਨੇ ਅੱਜ ਐਲਾਨ ਕੀਤਾ ਕਿ ਉਹ ਇਸ ਪ੍ਰਸ਼ਾਸਨਿਕ ਦਹਿਸ਼ਤਗਰਦੀ ਅਤੇ ਅਨਿਲ ਵਿੱਜ ਦੀ ਹੱਤਿਆ ਦੀ ਸਾਜ਼ਿਸ਼ ਵਿਰੁੱਧ ਜਨਤਕ ਅੰਦੋਲਨ ਤਿਆਰ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਇਸ ਮਾਮਲੇ ਸਬੰਧੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਨਗੇ। ਇਸ ਤੋਂ ਪਹਿਲਾਂ ਉਹ ਸਰਕਾਰ ਨੂੰ ਲਿਖਤੀ ਜਾਣਕਾਰੀ ਦੇ ਰਹੇ ਹਨ ਜਿਸ ਲਈ ਉਨ੍ਹਾਂ ਨੇ ਚੋਣਾਂ ਵਿਚ ਅਨਿਲ ਵਿੱਜ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਰਾਸ਼ਟਰਪਤੀ, ਚੋਣ ਕਮਿਸ਼ਨ ਅਤੇ ਹਰਿਆਣਾ ਦੇ ਰਾਜਪਾਲ ਤੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਬੰਧਿਤ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਪਬਲਿਕ ਡੀਲਿੰਗ ਤੋਂ ਹਟਾਇਆ ਜਾਣਾ ਚਾਹੀਦਾ ਹੈ।