ਨਿੱਜੀ ਪੱਰਤ ਪ੍ਰੇਰਕ
ਲੁਧਿਆਣਾ, 7 ਨਵੰਬਰ
ਜ਼ਿਲ੍ਹਾ ਖੇਡ ਦਫ਼ਤਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਗਿੱਲ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਰਾਜ ਪੱਧਰੀ ਬੇਸਬਾਲ ਮੁਕਾਬਲੇ ਕਰਵਏ ਗਏ ਜਿਨ੍ਹਾਂ ਵਿੱਚ 470 ਖਿਡਾਰੀਆਂ ਨੇ ਹਿੱਸਾ ਲਿਆ। ਲੜਕੀਆਂ ਦੇ ਸੈਕਸ਼ਨ ਵਿੱਚ ਵੱਖ-ਵੱਖ ਉਮਰ ਵਰਗਾਂ ਦੀਆਂ ਕੁੱਲ 10 ਜ਼ਿਲ੍ਹਿਆਂ ਲੁਧਿਆਣਾ, ਸੰਗਰੂਰ, ਫਿਰੋਜ਼ਪੁਰ, ਪਟਿਆਲਾ, ਮੋਗਾ, ਕਪੂਰਥਲਾ, ਅੰਮ੍ਰਿਤਸਰ, ਮਾਲੇਰਕੋਟਲਾ, ਮਾਨਸਾ ਅਤੇ ਫਾਜ਼ਲਿਕਾ ਦੀਆਂ ਟੀਮਾਂ ਨੇ ਹਿੱਸਾ ਲਿਆ। ਪੁਰਸ਼ਾਂ ਦੇ ਭਾਗ (21-30) ਉਮਰ ਵਰਗ ਦੇ ਫਾਈਨਲ ਵਿੱਚ ਲੁਧਿਆਣਾ ਨੇ ਪਟਿਆਲਾ ਨੂੰ 3-0 ਨਾਲ ਹਰਾਇਆ। ਅਭਿਜੀਤ, ਸੌਰਬ ਅਤੇ ਅਰੁਣ ਠਾਕੁਰ ਨੇ ਇੱਕ-ਇੱਕ ਅੰਕ ਬਣਾਇਆ। ਤੀਜੇ ਸਥਾਨ ਦੇ ਮੈਚ ਵਿੱਚ ਫਿਰੋਜ਼ਪੁਰ ਨੇ ਸੰਗਰੂਰ ਨੂੰ 6-1 ਦੇ ਫਰਕ ਨਾਲ ਹਰਾਇਆ। ਲੜਕੀਆਂ ਵਿੱਚ ਅੰਡਰ-14 ਉਮਰ ਵਰਗ ਦੇ ਪਹਿਲੇ ਮੈਚ ਵਿੱਚ ਮੋਗਾ ਨੇ ਫਾਜ਼ਿਲਕਾ ਨੂੰ 2-1 ਦੇ ਫਰਕ ਨਾਲ ਹਰਾਇਆ। ਸਿਮਰਨ ਅਤੇ ਜਸਮੀਤ ਨੇ ਇੱਕ-ਇੱਕ ਅੰਕ ਬਣਾਇਆ। ਦੂਜੇ ਮੈਚ ’ਚ ਲੁਧਿਆਣਾ ਨੇ ਮਾਲੇਰਕੋਟਲਾ ਨੂੰ 1-0 ਨਾਲ ਹਰਾਇਆ। ਇਸ ਦੌਰਾਨ ਸੁਖਮਨ ਨੇ ਇੱਕ ਅੰਕ ਬਣਾਇਆ। ਤੀਜੇ ਸਥਾਨ ਲਈ ਸੰਗਰੂਰ ਨੇ ਮਾਨਸਾ ਨੂੰ 2-0 ਨਾਲ ਹਰਾਇਆ ਤੇ ਜਸਦੀਪ ਤੇ ਪਵਨ ਨੇ ਇੱਕ-ਇੱਕ ਅੰਕ ਬਣਾਏ। ਇਸੇ ਤਰ੍ਹਾਂ ਅੰਡਰ-17 ਉਮਰ ਵਰਗ ਦੇ ਪਹਿਲੇ ਮੈਚ ਵਿੱਚ ਮੋਗਾ ਨੇ ਮਾਨਸਾ ਨੂੰ 13-3 ਦੇ ਫਰਕ ਨਾਲ ਹਰਾਇਆ। ਜਸਨੂਰ ਤੇ ਹਰਲੀਨ ਨੇ ਦੋ-ਦੋ ਅੰਕ ਬਣਾਏ। ਦੂਜੇ ਮੈਚ ਵਿੱਚ ਸੰਗਰੂਰ ਨੇ ਮਾਲੇਰਕੋਟਲਾ ਨੂੰ 12-2 ਦੇ ਵੱਡੇ ਫਰਕ ਨਾਲ ਹਰਾਇਆ ਜਦਕਿ ਇਸ ਮੈਚ ਵਿੱਚ ਜਸ਼ਨ ਅਤੇ ਕੁਕਦੀਪ ਨੇ ਦੋ-ਦੋ ਅੰਕ ਬਣਾਏ। ਤੀਜੇ ਮੈਚ ’ਚ ਲੁਧਿਆਣਾ ਨੇ ਪਟਿਆਲਾ ਨੂੰ 9-4 ਦੇ ਫਰਕ ਨਾਲ ਹਰਾਇਆ। ਜਸਮੀਤ ਤੇ ਸਾਂਚੀ ਨੇ ਦੋ-ਦੋ ਅੰਕ ਬਣਾਏ। ਚੌਥੇ ਮੈਚ ਵਿੱਚ ਫਿਰੋਜ਼ਪੁਰ ਨੇ ਫਾਜ਼ਿਲਕਾ ਨੂੰ 5-2 ਨਾਲ ਹਰਾਇਆ।