ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਨਵੰਬਰ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਮੰਗ ਤੇਜ਼ ਕਰ ਦਿੱਤੀ ਹੈ, ਜਿਸ ਲਈ ਸੁਧਾਰ ਲਹਿਰ ਦਾ ਵਫ਼ਦ 13 ਨਵੰਬਰ ਨੂੰ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ। ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਸਮੁੱਚਾ ਸਿੱਖ ਪੰਥ ਚਾਹੁੰਦਾ ਹੈ ਕਿ ਆਮ ਚੋਣਾਂ ਤੁਰੰਤ ਕਰਵਾਈਆਂ ਜਾਣ। ਜਥੇਦਾਰ ਵਡਾਲਾ ਨੇ ਕਿਹਾ ਕਿ 13 ਨਵੰਬਰ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜ਼ੀਡੀਅਮ, ਐਗਜ਼ੈਕਟਿਵ ਕਮੇਟੀ, ਸਲਾਹਕਾਰ ਬੋਰਡ ਅਤੇ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਦੀ ਅਹਿਮ ਮੀਟਿੰਗ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਚੰਡੀਗੜ੍ਹ ’ਚ ਹੋਵੇਗੀ। ਇਸ ਦੌਰਾਨ ਪੰਜਾਬ ਦੇ ਸਿਆਸੀ ਹਾਲਾਤ ਅਤੇ ਸੁਧਾਰ ਲਹਿਰ ਦੇ ਅਗਲੇ ਪ੍ਰੋਗਰਾਮ ਚਰਚਾ ਹੋਵੇਗੀ।