ਆਤਿਸ਼ ਗੁਪਤਾ/ਸਰਬਜੀਤ ਸਿੰਘ ਭੰਗੂ
ਚੰਡੀਗੜ੍ਹ/ਪਟਿਆਲਾ, 9 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 14 ਤੋਂ 19 ਨਵੰਬਰ ਤੱਕ ਵਿਧਾਨ ਸਭਾ ਹਲਕਾ ਬਰਨਾਲਾ ਤੇ ਗਿੱਦੜਬਾਹਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਪਿੰਡ-ਪਿੰਡ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਇਹ ਖੁਲਾਸਾ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਹੋਰਨਾਂ ਕਿਸਾਨ ਆਗੂਆਂ ਵੱਲੋਂ ਸੂਬੇ ਵਿੱਚ ਵੱਖ-ਵੱਖ ਥਾਈਂ ਪੱਕੇ ਮੋਰਚਿਆਂ ਵਿੱਚ ਗੱਲਬਾਤ ਤੋਂ ਬਾਅਦ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਰੋਸ ਮਾਰਚਾਂ ਰਾਹੀਂ ਕੇਂਦਰ ਤੇ ਸੂਬਾ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਅਤੇ ਕਾਰਪੋਰੇਟ ਪੱਖੀ ਨੀਤੀਆਂ ਪ੍ਰਤੀ ਪਾਰਟੀਆਂ ਦੀ ਸਰਕਾਰੀ ਸਰਪ੍ਰਸਤੀ ਨੂੰ ਜੱਗ ਜ਼ਾਹਿਰ ਕੀਤਾ ਜਾਵੇਗਾ। ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੂਬੇ ਦੇ 26 ਟੌਲ ਪਲਾਜ਼ਿਆਂ ਅਤੇ ਬਰਨਾਲਾ ਤੇ ਗਿੱਦੜਬਾਹਾਂ ਵਿੱਚ ‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਤੇ ਦਫ਼ਤਰਾਂ ਮੂਹਰੇ ਸ਼ੁਰੂ ਕੀਤੇ ਪੱਕੇ ਮੋਰਚੇ ਜਾਰੀ ਰਹੇ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਜੁਰਮਾਨੇ ਦੁੱਗਣੇ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪਰਾਲੀ ਸਾੜਨ ਦੇ ਦੁੱਗਣੇ ਕੀਤੇ ਜੁਰਮਾਨੇ ਰੱਦ ਕੀਤੇ ਜਾਣ। ਝੋਨੇ ਦੀ ਖਰੀਦ ਤੇ ਚੁਕਾਈ ਹੋਰ ਤੇਜ਼ ਕੀਤੀ ਜਾਵੇ ਅਤੇ ਨਮੀ ਦੀ ਹੱਦ 22 ਫ਼ੀਸਦ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਜੁਰਮਾਨੇ ਦੁੱਗਣੇ ਕਰਨ ਦਾ ਫੈਸਲਾ ਕਿਸਾਨ ਮਾਰੂ ਫੈਸਲਾ ਹੈ। ਜਥੇਬੰਦੀ ਵੱਲੋਂ ਜੁਰਮਾਨਿਆਂ ਦੀ ਵਸੂਲੀ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ।