ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 9 ਨਵੰਬਰ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਪਹਿਲੀ ਜਨਵਰੀ 2024 ਤਕ ਜਿਸ ਸਿੱਖ ਵੋਟਰ ਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਅਤੇ ਉਸ ਦਾ ਨਾਂ ਵੋਟਰ ਸੂਚੀ ’ਚ ਨਹੀਂ ਹੈ। ਉਹ ਆਪਣਾ ਨਾਂ ਵੋਟਰ ਸੂਚੀ ਵਿਚ ਦਰਜ ਕਰਾਉਣ ਲਈ ਆਪਣੇ ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐੱਮ ਦਫਤਰ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਵੋਟਰ ਸੂਚੀ ਨੂੰ ਦਰੁਸਤ ਕੀਤਾ ਜਾ ਸਕੇ ਅਤੇ ਉਸ ਦੀ ਵੋਟ ਬਣ ਸਕੇ। ਇਸ ਸਬੰਧ ’ਚ ਸਿੱਖ ਭਾਈਚਾਰੇ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਨੂੰ ਮੰਗ ਪੱਤਰ ਸੌਂਪਿਆ। ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਸਿੱਖ ਆਗੂਆਂ ਦੇ ਮੰਗ ਪੱਤਰ ਦੇ ਆਧਾਰ ’ਤੇ ਕਿਹਾ ਕਿ ਇਸ ਸਬੰਧ ’ਚ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ। ਜੋ ਵੀ ਸਿੱਖ ਵੋਟਰ ਯੋਗ ਹੋਵੇਗਾ ਉਸ ਦੀ ਵੋਟ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵੋਟਰ ਸੂਚੀ 18 ਜਨਵਰੀ 2024 ਨੂੰ ਤਿਆਰ ਕੀਤੀ ਗਈ ਸੀ ਤੇ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਵੱਖ-ਵੱਖ ਸਿੱਖ ਸ਼ਖਸੀਅਤਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਚ ਹਾਜ਼ਰ ਹੋ ਕੇ ਵੋਟਰ ਸੂਚੀ ਵਿਚ ਸੁਧਾਈ ਕਰਨ ਦੀ ਮੰਗ ਕੀਤੀ। ਸਮਾਜ ਸੇਵੀ ਲਖਵਿੰਦਰ ਸਿੰਘ ਗਰੇਵਾਲ, ਜਸਬੀਰ ਸਿੰਘ ਵੜੈਚ ਤੇ ਐਡਵੋਕੇਟ ਗੁਰਤੇਜ ਸਿੰਘ ਸੇਖੋਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਹਾਲ ਹੀ ਵਿਚ ਸਿੱਖ ਏਕਤਾ ਦਲ ਹਰਿਆਣਾ ਦੇ ਵਫਦ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਬੇਨਤੀ ਕੀਤੀ।
ਡੀਸੀ ਨੇ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਵਿੱਚ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਵਿਚ ਐੱਸਡੀਐੱਮ ਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇਗੀ।